ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਲਈ ਕੀਤੀ ਜਾਣ ਵਾਲੀ ਕਾਰਵਾਈ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਏ : ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਜੀਵ ਸ਼ਰਮਾ- ਵਧੀਕ ਡਿਪਟੀ ਕਮਿਸ਼ਨਰ ਨੇ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਦੇ ਕੰਮ ਦਾ ਲਿਆ ਜਾਇਜ਼ਾ- ਬੀ.ਐੱਲ.ਓਜ਼ ਨੂੰ ਤੱਥਾਂ-ਅਧਾਰਿਤ ਰਿਪੋਰਟਿੰਗ ਅਤੇ ਸਮਾਂਬੱਧ ਕਾਰਵਾਈ ਕਰਨ ਦੇ ਨਿਰਦੇਸ਼
ਨਵਾਂਸ਼ਹਿਰ, 3 ਜੁਲਾਈ (ਹਰਿੰਦਰ ਸਿੰਘ): ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਜੀਵ ਸ਼ਰਮਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਗੜੋਆ ਅਤੇ ਨਗਰ ਕੌਂਸਲ ਦਫਤਰ ਨਵਾਂਸ਼ਹਿਰ ਦਾ ਦੌਰਾ ਕਰਕੇ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਚੱਲ ਰਹੇ ਕੰਮਾਂ ਦਾ ਮੌਕੇ ‘ਤੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਬੂਥ ਨੰਬਰ 109 ਦੀ ਬੀ.ਐੱਲ.ਓ. ਸ੍ਰੀਮਤੀ ਬਲਵਿੰਦਰ ਕੌਰ ਅਤੇ ਬੂਥ ਨੰਬਰ 110 ਦੇ ਬੀ.ਐੱਲ.ਓ. ਸ੍ਰੀ ਦਲਜੀਤ ਸਿੰਘ ਨਾਲ ਸਮੀਖਿਆ ਮੀਟਿੰਗ ਕੀਤੀ। ਸ੍ਰੀ ਸ਼ਰਮਾ ਨੇ ਬੀ.ਐੱਲ.ਓਜ਼ ਨੂੰ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਦੇ ਸਮੁੱਚੇ ਕੰਮ ਨੂੰ ਹਰੇਕ ਵੇਰਵੇ ਦੀ ਮੌਕੇ ‘ਤੇ ਤਸਦੀਕ ਕਰਕੇ ਹੀ ਜਾਣਕਾਰੀ ਦਰਜ ਕਰਨ। ਉਨ੍ਹਾਂ ਕਿਹਾ ਕਿ ਰੈਸ਼ਨਲਾਈਜ਼ੇਸ਼ਨ ਦਾ ਮੁੱਖ ਉਦੇਸ਼ ਵੋਟਰਾਂ ਨੂੰ ਵਧੇਰੇ ਸੁਵਿਧਾਜਨਕ, ਪਹੁੰਚਯੋਗ ਅਤੇ ਬਿਹਤਰ ਵੋਟਿੰਗ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਲਈ ਹਰੇਕ ਬੀ.ਐੱਲ.ਓ. ਆਪਣੇ ਖੇਤਰ ਦਾ ਮੌਕੇ ‘ਤੇ ਸਰਵੇਖਣ ਕਰਕੇ ਪੋਲਿੰਗ ਬੂਥਾਂ ਦੀ ਸਥਿਤੀ, ਇਮਾਰਤਾਂ ਦੀ ਉਪਲੱਬਧਤਾ, ਵੋਟਰਾਂ ਦੀ ਗਿਣਤੀ, ਦੂਰੀ ਅਤੇ ਹੋਰ ਨਿਰਧਾਰਿਤ ਮਾਪਦੰਡਾਂ ਦੇ ਆਧਾਰ ‘ਤੇ ਤੱਥਾਂ-ਅਧਾਰਿਤ ਜਾਣਕਾਰੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਦਰਜ ਕਰੇ।ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗਲਤ ਜਾਣਕਾਰੀ ਲਈ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੱਥਾਂ-ਅਧਾਰਿਤ ਰੈਸ਼ਨਲਾਈਜ਼ੇਸ਼ਨ ਨਾਲ ਨਾ ਸਿਰਫ਼ ਵੋਟਰਾਂ ਦੀ ਸਹੂਲਤ ਵਿੱਚ ਵਾਧਾ ਹੋਵੇਗਾ, ਸਗੋਂ ਚੋਣ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ, ਸੁਚਾਰੂ ਅਤੇ ਨਿਰਪੱਖ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਮਿਲੇਗਾ।ਅੰਤ ਵਿੱਚ ਉਨ੍ਹਾਂ ਨੇ ਬੀ.ਐੱਲ.ਓਜ਼ ਨੂੰ ਐੱਸ.ਆਈ.ਆਰ. ਤਹਿਤ 24 ਜੁਲਾਈ, 2026 ਤੱਕ ਇਨਿਊਮੇਰੇਸ਼ਨ ਫਾਰਮ ਭਰਵਾਉਣ ਵਿਚ ਵੋਟਰਾਂ ਦੀ ਮਦਦ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਵੋਟਰਾਂ ਦੇ ਇਨਿਊਮੇਰੇਸ਼ਨ ਫਾਰਮ ਭਰਵਾ ਕੇ ਇਨ੍ਹਾਂ ਨੂੰ ਨਿਰਧਾਰਿਤ ਸਮੇਂ ਅੰਦਰ ਡਿਜੀਟਲਾਈਜ ਕਰਨਾ ਯਕੀਨੀ ਬਣਾਇਆ ਜਾਵੇ।

