ਨਸ਼ਾ ਮੁਕਤ ਭਾਰਤ ਅਭਿਆਨ, ਨਸ਼ਾ ਪੀੜ੍ਹਤਾਂ ਲਈ ਵਰਦਾਨ :- ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ
ਨਵਾਂਸ਼ਹਿਰ 10 ਜੁਲਾਈ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 10 ਜੁਲਾਈ ਨੂੰ ਸਰਕਾਰੀ ਮਿਡਲ ਸਕੂਲ, ਪਿੰਡ ਹੀਓਂ (ਬੰਗਾ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਹਰਪ੍ਰੀਤ ਕੌਰ ਸਕੂਲ ਇੰਚਾਰਜ ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਵਿਸ਼ਵ ਰੈੱਡ ਕਰਾਸ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਰੈੱਡ ਕਰਾਸ ਦੇ ਕੰਮਾਂ ਬਾਰੇ ਜਾਣਕਾਰੀ ਦੇਣ ਉਪਰੰਤ ਦੱਸਿਆ ਕਿ ਇਹ ਸੰਸਥਾ ਇਨਸਾਨਾਂ ਨੂੰ ਬਚਾਉਣ ਦਾ ਉਪਰਾਲਾ ਕਰਦੀ ਹੈ। ਉਨਾ ਨੇ ਰੈਂਡ ਕਰਾਸ ਦੇ ਬਾਨੀ ਸਰ ਹੈਨਰੀ ਡਿਊਨਾ ਅਤੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ। ਉਨਾ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਸਭ ਤੋਂ ਪਹਿਲਾ ਨਸ਼ੇ ਬਾਰੇ ਦਸਦਿਆਂ ਕਿਹਾ ਕਿ ਡਾਕਟਰ ਦੀ ਸਲਾਹ ਤੋਂ ਬਿਨਾ ਕਿਸੇ ਵੀ ਦਵਾਈ ਜਾ ਵਾਧੂ ਮਾਤਰਾ ਵਿੱਚ ਕਿਸੇ ਵਸਤੂ ਦੀ ਵਰਤੋਂ ਕਰਨੀ, ਨਸ਼ਾ ਹੈ। ਨਸ਼ਾ ਦੀ ਵਰਤੋਂ , ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਰੋਗੀ ਬਣਾ ਦਿੰਦੀ ਹੈ। ਉਨਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤੁਸੀ ਕਿਸੇ ਵੀ ਵਿਅਕਤੀ ਦੇ ਕਹਿਣ ਤੇ ਨਸ਼ਾ ਦੀ ਵਰਤੋਂ ਨਹੀਂ ਕਰਨੀ ਹੈ। ਕਿਉਕਿ ਛੋਟੇ ਬੱਚੇ ਨੂੰ ਨਸ਼ਿਆਂ ਬਾਰੇ ਜਾਣਕਾਰੀ ਨਹੀਂ ਹੁੰਦੀ। ਕਈ ਵਾਰ ਬੱਚੇ ਜਾਣੇ ਅਣਜਾਣੇ ਵਿੱਚ ਨਸ਼ੇ ਦੀ ਲਪੇਟ ਵਿੱਚ ਆ ਜਾਦੇਂ ਹਨ, ਹੌਲੀ ਹੌਲੀ ਬੱਚੇ ਹੈਰੋਇਨ ਵਰਗੇ ਨਸ਼ਿਆਂ ਦੀ ਲਪੇਟ ਵਿੱਚ ਫਸ ਜਾਦੇ ਹਨ, ਫਿਰ ਨਸ਼ੇ ਦੀ ਦਲਦਲ ਵਿੱਚੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਜਾਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਸਮਝਾਇਆ ਕਿ ਨਸ਼ਾ ਸਿਹਤ ਲਈ ਹਾਨੀਕਾਰਕ ਹੈ, ਜਿਹੜਾ ਵਿਅਕਤੀ ਦੀ ਜਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਉਨਾ ਨੇ ਇਸ ਮੌਕੇ ਤੇ ਨਸ਼ਾ ਮੁਕਤ ਭਾਰਤ ਅਭਿਆਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ , ਕਿ ਇਹ ਅਭਿਆਨ ਦੇਸ਼ ਵਿੱਚ ਨਸ਼ੇ ਨਾਲ ਪੀੜਿਤ ਨੌਜਵਾਨਾਂ ਲਈ ਵਰਦਾਨ ਹੈ। ਇਸ ਅਭਿਆਨ ਤਹਿਤ ਪੂਰੇ ਦੇਸ਼ ਵਿੱਚ ਲੱਖਾਂ ਹੀ ਨੌਜਵਾਨਾਂ ਆਪਣਾ ਇਲਾਜ ਕਰਵਾ ਚੁੱਕੇ ਹਨ, ਅਤੇ ਅੱਜ ਵੀ ਬਹੁਤ ਨੌਜਵਾਨ ਆਪਣਾ ਇਲਾਜ ਕਰਵਾ ਰਹੇ ਹਨ। ਉਨਾਂ ਨੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਵਿਦਿਆਰਥੀਆੰ ਨੂੰ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਨਸ਼ਿਆਂ ਬਾਰੇ ਵੀ ਜਾਗਰੂਕ ਕਰਦੇ ਰਹਿਣ। ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਹਾਡੀ ਜਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਦੀ ਹੈ ਤਾਂ ਸੱਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਜਾਂ ਅਧਿਆਪਕਾਂ ਨਾਲ ਸਾਂਝੀ ਕਰਨ। ਅੰਤ ਵਿੱਚ ਸਾਰਿਆਂਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ੇ ਤੋਂ ਦੂਰ ਰਹਿਣ ਲਈ ਪ੍ਰਣ ਲਿਆ। ਅਤੇ ਵਣਮਹਾਂ ਉਤਸਵ ਦਿਵਸ ਤੇ ਵਾਤਾਵਰਣ ਸੰਭਾਲ ਬਾਰੇ ਜਾਗਰੂਕ ਵੀ ਕੀਤਾ ਅਤੇ ਬੂਟੇ ਵੀ ਲਗਾਏ। ਇਸ ਮੌਕੇ ਤੇ ਸ਼੍ਰੀਮਤੀ ਕਮਲਜੀਤ ਕੌਰ,ਕੌਂਸਲਰ ਨੇ ਕੇਂਦਰ ਦੇ ਕੰਮਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰਾ ਰੱਖਿਆ ਜਾਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਦਾ ਹੈ। ਇਸ ਮੌਕੇ ਤੇ ਤਰਲੋਕ ਸਿੰਘ ਫਲੋਰਾ(ਬੀ.ਪੀ. ਈ .ਓ ਸੇਵਾ ਮੁਕਤ)ਨੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਆਪਣੇ ਵਿਚਾਰ ਸਾਂਝੇ ਕੀਤੇ।ਸਰਪੰਚ ਪਿਆਰਾ ਰਾਮ ਜੀ ਨੇ ਸੱਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੁਮਨ, ਜਸਪ੍ਰੀਤ ਕੌਰ, ਅਮ੍ਰਿਤਪਾਲ, ਗੁਰਦੇਵ ਕੌਰ, ਕੁਲਵੰਤ ਕੌਰ, ਸੀਮਾ ਰਾਣੀ, ਪਰਵੀਨ ਕੌਰ, ਸਵਿਤਾ, ਨਿਤਿਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਿਰ ਸਨ।







