ਰੈਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਖੇ ਪ੍ਰੀ ਨਿਰਵਾਣ ਦਿਵਸ ਮਨਾਇਆ

ਨਵਾਂਸ਼ਹਿਰ 6 ਦਸੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਡਾ. ਬੀ ਆਰ ਅੰਬੇਡਕਰ ਸਾਹਿਬ ਦਾ ਪ੍ਰੀ ਨਿਰਵਾਨ ਦਿਵਸ ਮੌਕੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਪਹਿਲਾਂ ਸਮੂਹ ਸਟਾਫ ਨੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ “ਜੈ ਭੀਮ ਜੈ ਭਾਰਤ” ਦੇ ਨਾਅਰੇ ਨਾਲ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਚਮਨ ਸਿੰਘ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਤੇ ਚਾਨਣਾ ਪਾਇਆ। ਡਾ. ਬੀ.ਆਰ ਅੰਬੇਡਕਰ ਦਾ ਜਨਮ 14 ਅਪ੍ਰੈਲ1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿੱਚ ਹੋਇਆ , ਉਨ੍ਹਾਂ ਨੇ ਆਪਣਾ ਜੀਵਨ ਦਲਿਤਾਂ, ਔਰਤਾਂ ਅਤੇ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਮਰਪਿਤ ਕਰ ਦਿੱਤਾ, ਜਿਨ੍ਹਾਂ ਨੂੰ ਸਮਾਜਿਕ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਬੇ- ਕੁਚਲੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਇਨਕਲਾਬੀ ਕਦਮਾਂ ਦਾ ਪ੍ਰਸਤਾਵ ਰੱਖਿਆ। ਜਿਸ ਵਿੱਚ ਸਿੱਖਿਆ, ਰੁਜ਼ਗਾਰ ਅਤੇ ਰਾਜਨੀਤੀ ਵਿੱਚ ਰਾਖਵਾਂਕਰਨ ਸ਼ਾਮਲ ਹੈ। ਇੱਕ ਸਮਾਜ ਸੁਧਾਰਕ ਦੇ ਰੂਪ ਵਿੱਚ, ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਅਖ਼ਬਾਰ ਮੂਨਨਾਇਕ (ਚੁੱਪ ਦਾ ਆਗੂ) ਸ਼ੁਰੂ ਕੀਤਾ। ਉਨ੍ਹਾਂ ਨੇ ਸਿੱਖਿਆ ਫੈਲਾਉਣ,ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਸੰਘਰਸ਼ ਕੀਤਾ। ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਡਾ. ਬੀਆਰ ਅੰਬੇਡਕਰ ਦਾ ਯੋਗਦਾਨ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵਜੋਂ ਉਨ੍ਹਾਂ ਦੀ ਭੂਮਿਕਾ ਤੋਂ ਕਿਤੇ ਵੱਧ ਹੈ। ਉਨ੍ਹਾਂ ਨੇ ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕੀਤੀ ਜੋ ਨਾ ਸਿਰਫ਼ ਰਾਜਨੀਤਿਕ ਲੋਕਤੰਤਰ ਨੂੰ ਕਾਇਮ ਰੱਖੇ ਬਲਕਿ ਸਮਾਜਿਕ ਅਤੇ ਆਰਥਿਕ ਨਿਆਂ ਵੀ ਪ੍ਰਾਪਤ ਕਰੇ। ਉਨ੍ਹਾਂ ਦੀ ਡੂੰਘੀ ਬੁੱਧੀ ਅਤੇ ਦ੍ਰਿਸ਼ਟੀ ਨੇ ਮੁੱਖ ਆਰਥਿਕ ਅਤੇ ਸਮਾਜਿਕ ਢਾਂਚੇ ਨੂੰ ਪ੍ਰਭਾਵਿਤ ਕੀਤਾ, ਜਿਸ ਨਾਲ ਉਹ ਆਜ਼ਾਦ ਭਾਰਤ ਦੇ ਸ਼ਾਸਨ ਅਤੇ ਵਿਕਾਸ ਨੂੰ ਆਕਾਰ ਦੇਣ ਵਿੱਚ ਇੱਕ ਜ਼ਰੂਰੀ ਸ਼ਕਤੀ ਬਣ ਗਏ। ਉਨ੍ਹਾਂ ਨੇ ਦੱਸਿਆ ਕਿ ਜੇਕਰ ਅਸੀ ਉਨ੍ਹਾਂ ਦੀ ਸੋਚ ਤੇ ਚਲਾਂਗੇ ਤਾ ਪੂਰਨ ਤੌਰ ਤੇ ਸਾਡਾ ਦੇਸ਼ ਖੁਸ਼ਹਾਲ ਤੇ ਵਿਕਸਿਤ ਹੋਵੇਗਾ। ਬਾਬਾ ਸਾਹਿਬ ਪਹਿਲੇ ਕਾਨੂੰਨ ਮੰਤਰੀ ਵੀ ਬਣੇ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਤਾਂ ਹੀ ਸਾਡੇ ਦੇਸ਼ ਦਾ ਲੋਕਤੰਤਰ ਕਾਇਮ ਰਹਿ ਸਕਦਾ ਹੈ ਅਤੇ ਅਸੀ ਤਰੱਕੀ ਕਰ ਸਕਦੇ ਹਾਂ। ਇਸ ਮੌਕੇ ਤੇ ਜਸਵਿੰਦਰ ਕੌਰ ਕੌਸਲਰ ਨੇ ਵੀ ਬਾਬਾ ਸਾਹਿਬ ਦੇ ਜੀਵਨ ਤੇ ਚਰਚਾ ਕੀਤੀ ਅਤੇ ਸਰਧਾ ਦੇ ਫੁੱਲ ਭੇਟ ਕੀਤੇ ।ਇਸ ਮੌਕੇ ਤੇ ਕਮਲਜੀਤ ਕੌਰ, ਦਿਨੇਸ਼ ਕੁਮਾਰ, ਕਮਲਾ ਰਾਣੀ, ਪ੍ਰਵੀਨ ਕੁਮਾਰੀ, ਮਨਜੋਤ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!