ਨਵਾਂਸ਼ਹਿਰ 27 ਜਨਵਰੀ (ਹਰਿੰਦਰ ਸਿੰਘ):ਨਵਾਂਸ਼ਹਿਰ ਵਿੱਚ ਪੱਤਰਕਾਰਾਂ ਦੇ ਹਿੱਤਾਂ ਨੂੰ ਮਜ਼ਬੂਤ ਕਰਨ ਅਤੇ ਆਪਸੀ ਏਕਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਐਸ.ਬੀ.ਐਸ. (SBS) ਕਲੱਬ ਨਵਾਂਸ਼ਹਿਰ ਅਤੇ ਵੈਲਫੇਅਰ ਕਲੱਬ ਨਵਾਂਸ਼ਹਿਰ ਦਾ ਰਸਮੀ ਤੌਰ ‘ਤੇ ਏਕੀਕਰਨ ਕਰ ਦਿੱਤਾ ਗਿਆ। ਇਸ ਇਤਿਹਾਸਕ ਫੈਸਲੇ ਤਹਿਤ ਦੋਵਾਂ ਕਲੱਬਾਂ ਨੇ ਸਰਬਸੰਮਤੀ ਨਾਲ ਇੱਕ ਮੰਚ ‘ਤੇ ਆ ਕੇ ਕੰਮ ਕਰਨ ਦਾ ਅਹਿਦ ਲਿਆ। ਏਕੀਕਰਨ ਤੋਂ ਬਾਅਦ ਹੋਈ ਮੀਟਿੰਗ ਵਿੱਚ ਸੁਰਿੰਦਰ ਤ੍ਰਿਪਾਠੀ ਨੂੰ ਨਵੇਂ ਬਣੇ ਸੰਯੁਕਤ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਮੀਟਿੰਗ ਵਿੱਚ ਦੋਵਾਂ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੌਜੂਦਗੀ ਵਿੱਚ ਇਹ ਫੈਸਲਾ ਲਿਆ ਗਿਆ ਕਿ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦਾ ਮਿਲ-ਜੁਲ ਕੇ ਹੱਲ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਰਿੰਦਰ ਤ੍ਰਿਪਾਠੀ, ਸੁਖਜਿੰਦਰ ਭੰਗਲ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੱਤਰਕਾਰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਕੰਮ ਵਾਲੀ ਥਾਂ ਦੀ ਸੁਰੱਖਿਆ, ਮਾਣ-ਸਤਿਕਾਰ, ਆਰਥਿਕ ਮੁਸ਼ਕਲਾਂ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਸਹਿਯੋਗ ਦੀ ਕਮੀ ਪ੍ਰਮੁੱਖ ਹਨ। ਅਜਿਹੇ ਵਿੱਚ ਇੱਕ ਮਜ਼ਬੂਤ ਅਤੇ ਸੰਗਠਿਤ ਮੰਚ ਦੀ ਲੋੜ ਸੀ, ਜਿਸ ਨੂੰ ਇਹ ਏਕੀਕਰਨ ਪੂਰਾ ਕਰੇਗਾ।ਨਵ-ਨਿਯੁਕਤ ਪ੍ਰਧਾਨ ਸੁਰਿੰਦਰ ਤ੍ਰਿਪਾਠੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜ਼ਿੰਮੇਵਾਰੀ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਵੱਡੀ ਜਵਾਬਦੇਹੀ ਵੀ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਪੱਤਰਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਹੱਲ ਲਈ ਠੋਸ ਯਤਨ ਕਰਨਾ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਪੱਤਰਕਾਰ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸਾਰੇ ਮੁੱਦਿਆਂ ਨੂੰ ਇੱਕਜੁੱਟ ਹੋ ਕੇ ਉਠਾਇਆ ਜਾਵੇਗਾ।ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਸਮੇਂ-ਸਮੇਂ ‘ਤੇ ਪੱਤਰਕਾਰਾਂ ਲਈ ਵਰਕਸ਼ਾਪਾਂ, ਸਿਖਲਾਈ ਪ੍ਰੋਗਰਾਮ ਅਤੇ ਆਪਸੀ ਸੰਵਾਦ ਮੀਟਿੰਗਾਂ ਕਰਵਾਈਆਂ ਜਾਣਗੀਆਂ ਤਾਂ ਜੋ ਪੱਤਰਕਾਰੀ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਸਮਾਜਿਕ ਅਤੇ ਜਨਹਿਤ ਨਾਲ ਜੁੜੇ ਪ੍ਰੋਗਰਾਮਾਂ ਵਿੱਚ ਵੀ ਕਲੱਬ ਸਰਗਰਮ ਭੂਮਿਕਾ ਨਿਭਾਏਗਾ। ਬੁਲਾਰਿਆਂ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਉਨ੍ਹਾਂ ਦੀ ਮਜ਼ਬੂਤੀ ਨਾਲ ਹੀ ਲੋਕਤੰਤਰ ਮਜ਼ਬੂਤ ਹੁੰਦਾ ਹੈ।ਏਕੀਕਰਨ ਮੀਟਿੰਗ ਵਿੱਚ ਸੀਨੀਅਰ ਪੱਤਰਕਾਰਾਂ ਨੇ ਇਸ ਕਦਮ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਆਪਸੀ ਮਤਭੇਦਾਂ ਨੂੰ ਭੁਲਾ ਕੇ ਇੱਕ ਮੰਚ ‘ਤੇ ਆਉਣਾ ਸਮੇਂ ਦੀ ਮੰਗ ਸੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸੰਯੁਕਤ ਕਲੱਬ ਰਾਹੀਂ ਪੱਤਰਕਾਰਾਂ ਦੀ ਆਵਾਜ਼ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸੁਣੀ ਜਾਵੇਗੀ।ਅੰਤ ਵਿੱਚ ਸਾਰੇ ਮੈਂਬਰਾਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਸੰਗਠਨ ਦੀ ਮਜ਼ਬੂਤੀ, ਏਕਤਾ ਅਤੇ ਪੱਤਰਕਾਰ ਹਿੱਤਾਂ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਦਾ ਪ੍ਰਣ ਲਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸੁਰਿੰਦਰ ਤ੍ਰਿਪਾਠੀ, ਸੁਖਜਿੰਦਰ ਭੰਗਲ ਅਤੇ ਸੁਖਦੇਵ ਸਿੰਘ ਨੇ ਹੋਰਨਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਆਪਣੀ ਆਵਾਜ਼ ਬੁਲੰਦ ਕਰਨ ਅਤੇ ਆਪਸੀ ਸਹਿਯੋਗ ਦੇ ਮੱਦੇਨਜ਼ਰ ਸਾਰੇ ਇੱਕਜੁੱਟ ਹੋ ਕੇ ਅੱਗੇ ਆਉਣ ਅਤੇ ਕਲੱਬ ਦੀ ਮੈਂਬਰਸ਼ਿਪ ਗ੍ਰਹਿਣ ਕਰਨ। ਕਲੱਬ ਵਿੱਚ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ। ਇਸ ਮੌਕੇ ਸੁਖਜਿੰਦਰ ਸਿੰਘ ਭੰਗਲ, ਵਾਸਦੇਵ ਪਰਦੇਸੀ, ਜਗਤਾਰ ਸਿੰਘ, ਬਲਕਾਰ ਸਿੰਘ, ਮਹੇਸ਼ ਕੁਮਾਰ, ਮਨੋਰੰਜਨ ਕਾਲੀਆ, ਸੁਖਜਿੰਦਰ ਸਿੰਘ ਸੁੱਖਾ, ਸੰਜੀਵ ਕੁਮਾਰ ਬੌਬੀ, ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਰਿਸ਼ੀ ਚੰਦਰ, ਹਰਵਿੰਦਰ ਸਿੰਘ ਹਾਜਰ ਸਨ ।

