ਨਵਾਂਸ਼ਹਿਰ 17 ਫਰਵਰੀ (ਹਰਵਿੰਦਰ ਸਿੰਘ,ਮਨਦੀਪ ਦੁੱਗਲ )ਅੱਜ ਇੰਪਲਾਈਜ਼ ਫੈਡਰੇਸ਼ਨ ਮੰਡਲ ਨਵਾਂਸ਼ਹਿਰ ਵੱਲੋਂ ‘ਇੰਪਲਾਈਜ਼ ਜੁਆਇੰਟ ਫੋਰਮ’ ਅਤੇ ‘ਬਿਜਲੀ ਮੁਲਾਜ਼ਮ ਏਕਤਾ ਪੰਜਾਬ’ ਦੇ ਸੱਦੇ ‘ਤੇ ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਬਲਿਹਾਰ ਸਿੰਘ ਮੰਡਲ ਪ੍ਰਧਾਨ, ਨਵਾਂਸ਼ਹਿਰ, ਮੋਹਣ ਸਿੰਘ ਸਰਕਲ ਪ੍ਰਧਾਨ ਅਤੇ ਸੱਤਪਾਲ ਸਲੋਹ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਪਿੰਡ ਬਡੰਬਰ (ਨੇੜੇ ਪਟਿਆਲਾ) ਵਿਖੇ ਬਿਜਲੀ ਬੋਰਡ ਦੀ 50 ਏਕੜ ਕੀਮਤੀ ਜ਼ਮੀਨ ਵੇਚਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਮੁਲਾਜ਼ਮ ਜਥੇਬੰਦੀਆਂ ਸਖ਼ਤ ਵਿਰੋਧ ਕਰਦੀਆਂ ਹਨ। ਆਗੂਆਂ ਨੇ ਇਸ ਨੂੰ ਮੁਲਾਜ਼ਮ ਅਤੇ ਮਜ਼ਦੂਰ ਵਿਰੋਧੀ ਫੈਸਲਾ ਗਰਦਾਨਦਿਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰ ਸਰਕਾਰ ਪਾਸੋਂ ਲੇਬਰ ਕੋਰਡ ਬਿੱਲ ਅਤੇ ਬਿਜਲੀ ਬਿੱਲ 2025 ਨੂੰ ਵੀ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਵਿੱਚ ਇੰਜ: ਖੁਸ਼ਹਾਲ ਮੱਲ, ਪਵਨ ਕੁਮਾਰ, ਸੋਮਨਾਥ, ਤਿਲਕ ਰਾਜ, ਅਮਰਜੀਤ ਸਿੰਘ, ਮੋਹਨ ਸਿੰਘ ਭਾਰਟਾ, ਰਮੇਸ਼ ਕੁਮਾਰ, ਕਮਲਜੀਤ ਸਿੰਘ, ਬਲਜਿੰਦਰ ਸਿੰਘ ਸਮੇਤ ਹਰਮੇਸ਼ ਲਾਲ, ਤਰਲੋਚਨ ਸਿੰਘ, ਕੁਲਵੰਤ ਰਾਏ, ਸੁਰੇਸ਼ ਕੁਮਾਰ, ਕਮਲ ਕੁਮਾਰ, ਰਾਮ ਲਖਨ ਅਤੇ ਵੱਡੀ ਗਿਣਤੀ ਵਿੱਚ ਹੋਰ ਮੁਲਾਜ਼ਮ ਸ਼ਾਮਲ ਸਨ।

