ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੇ ਐਲਾਨਿਆ ਸਲਾਨਾ ਨਤੀਜਾ – ਡਾਕਟਰ ਅਗਨੀਹੋਤਰੀ ਨੇ ਪੇਸ਼ ਕੀਤਾ ਸੈਸ਼ਨ 2025 -26 ਦਾ ਲੇਖਾ ਜੋਖਾ

👉 ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਨੇ ਐਲਾਨਿਆ ਸਲਾਨਾ ਨਤੀਜਾ

👉 ਪ੍ਰਿੰਸੀਪਲ ਅਗਨੀਹੋਤਰੀ ਨੇ ਬੱਚਿਆਂ ਦਾ ਸਾਲ 2025-26 ਦਾ ਲੇਖਾ ਜੋਖਾ ਕੀਤਾ ਪੇਸ਼

ਨਵਾਂਸ਼ਹਿਰ 28 ਮਾਰਚ(ਹਰਿੰਦਰ ਸਿੰਘ) ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਅੱਜ ਨਾਨ ਬੋਰਡ ਜਮਾਤਾਂ ਦਾ ਸਲਾਨਾ ਨਤੀਜਾ ਐਲਾਨਿਆ ਗਿਆ। ਇਸੇ ਹੀ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦਾ ਸਲਾਨਾ ਨਤੀਜਾ ਐਲਾਨਿਆ ਗਿਆ ਜੋ ਕਿ ਸੌ ਫ਼ੀਸਦੀ ਰਿਹਾ।ਇਸ ਮੌਕੇ ਐਸ.ਐਮ.ਸੀ ਦੇ ਚੇਅਰਮੈਨ ਮਾਸਟਰ ਮਨੋਹਰ ਸਿੰਘ ਨੇ ਬਾਕੀ ਕਮੇਟੀ ਮੈਂਬਰਾਂ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ ਨੇ ਚੇਅਰਮੈਨ ਮਨੋਹਰ ਸਿੰਘ ਤੇ ਬਾਕੀ ਕਮੇਟੀ ਮੈਂਬਰਾਂ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਸੈਸ਼ਨ 2025-26 ਦਾ ਨਾਨ ਬੋਰਡ ਜਮਾਤਾਂ ਦਾ ਸਲਾਨਾ ਲੇਖਾ ਜੋਖਾ ਬੱਚਿਆਂ ਦੇ ਮਾਪਿਆਂ ਨਾਲ ਸਾਂਝਾ ਕੀਤਾ।ਇਸ ਮੌਕੇ ਪ੍ਰਿੰਸੀਪਲ ਅਗਨੀਹੋਤਰੀ ਨੇ ਸੰਸਥਾ ਵਲੋਂ ਮੁੱਹਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵਿਸਥਾਰ ਨਾਲ ਬੱਚਿਆਂ ਦੇ ਮਾਪਿਆਂ ਨਾਲ ਸਾਂਝ ਪਾਈ। ਪ੍ਰਿੰਸੀਪਲ ਡਾਕਟਰ ਅਗਨੀਹੋਤਰੀ ਨੇ ਮਾਪਿਆਂ ਨੂੰ ਬੱਚਿਆਂ ਅਤੇ ਅਧਿਆਪਕਾਂ ਦਰਮਿਆਨ ਤਾਲਮੇਲ ਬਣਾਈ ਰੱਖਣ ਦੀ ਅਪੀਲ ਕੀਤੀ। ਮਾਸਟਰ ਸੁਖਵਿੰਦਰ ਲਾਲ ਨੇ ਬੀਤੇ ਦਿਨੀਂ ਲਗਾਏ ਗਏ ਪੰਜ ਦਿਨਾਂ ਵਿਦਿਅਕ ਟੂਰ ਬਾਰੇ ਜਾਣਕਾਰੀ ਦਿੱਤੀ।ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਆਰ.ਸੀ.ਏ ਪ੍ਰੋਗਰਾਮ ਬਾਰੇ ਲੈਕਚਰਾਰ ਪ੍ਰੇਮ ਪਾਲ ਸਿੰਘ ਬਨਵੈਤ ਨੇ ਬੱਚਿਆਂ ਦੇ ਮਾਪਿਆਂ ਨੂੰ ਘ੍ਰੋੜ ਕੇ ਜਾਣਕਾਰੀ ਦਿੱਤੀ। ਚੇਅਰਮੈਨ ਮਨੋਹਰ ਸਿੰਘ ਨੇ ਸਕੂਲ ਨੂੰ ਮਿਲੇ ਨਵੇਂ ਇੰਟਰਐਕਟਿਵ ਪੈਨਲ ਦਾ ਰਸਮੀ ਉਦਘਾਟਨ ਕੀਤਾ ਜਿਸਨੂੰ ਕਿ ਜਮਾਤ ਵਿਚ ਸਥਾਪਤ ਕੀਤਾ ਗਿਆ। ਉਨ੍ਹਾਂ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਮੁਆਇਨਾ ਕੀਤਾ ਅਤੇ ਸੰਤੁਸ਼ਟੀ ਜਤਾਈ। ਚੇਅਰਮੈਨ ਮਨੋਹਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤਾਂ ਹੀ ਉਹ ਸਫ਼ਲ ਨਾਗਰਿਕ ਬਣ ਸਕਦੇ ਹਨ।ਇਸ ਮੌਕੇ ਸਾਲ 2025-26 ਦੇ ਵਿਦਿਅਕ ਸੈਸ਼ਨ ਦੌਰਾਨ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚੇ ਸਨਮਾਨੇ ਗਏ। ਮੰਚ ਦਾ ਸੰਚਾਲਨ ਮਨਮੋਹਨ ਸਿੰਘ ਦੁਆਰਾ ਬਾਖੁਬੀ ਕੀਤਾ ਗਿਆ। ਪ੍ਰਿੰਸੀਪਲ ਅਗਨੀਹੋਤਰੀ ਨੇ ਹਰ ਖੇਤਰ ਵਿਚ ਵਧੀਆ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਮਾਪਿਆਂ ਤੇ ਬੱਚਿਆਂ ਨੂੰ ਸਿਹਤ ਸਹੂਲਤਾਂ ਦੇਣ ਲਈ ਬਲੱਡ ਪ੍ਰੈਸ਼ਰ ਅਤੇ ਭਾਰ ਚੈਕ ਕੀਤਾ ਗਿਆ।ਅਗਲੀ ਜਮਾਤ ਵਿਚ ਪ੍ਰਵੇਸ਼ ਕਰਨ ਵਾਲੇ ਬੱਚਿਆਂ ਨੂੰ ਮੌਕੇ ਤੇ ਮੁਫ਼ਤ ਕਿਤਾਬਾਂ ਦਿੱਤੀਆਂ ਗਈਆਂ।ਸੰਸਥਾ ਵਲੋਂ ਚਾਹ ਪਾਣੀ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ। ਸੰਸਥਾ ਦੇ ਮੁਖੀ ਅਤੇ ਸਟਾਫ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦਿੱਤੇ ਗਏ।ਇਸ ਤਰ੍ਹਾਂ ਅੱਜ ਦਾ ਪ੍ਰੋਗਰਾਮ ਅਮਿੱਟ ਛਾਪਾਂ ਛੱਡਦਾ ਹੋਇਆ ਸਮਾਪਤ ਹੋਇਆ।ਇਸ ਮੌਕੇ ਬੱਚਿਆਂ ਦੇ ਨਾਲ ਸਕੂਲ ਦਾ ਸਮੂਹ ਸਟਾਫ ਹਾਜ਼ਰ ਰਿਹਾ।

Leave a Reply

Your email address will not be published. Required fields are marked *

error: Content is protected !!