ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਬੂਟੇ ਲਗਾਏ
ਨਵਾਂਸ਼ਹਿਰ 18 ਅਪ੍ਰੈਲ (ਹਰਿੰਦਰ ਸਿੰਘ) ਵਾਤਾਵਰਨ ਦੀ ਸੰਭਾਲ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਬੂਟੇ ਲਗਾ ਕੇ ਮਨਾਇਆ ਗਿਆ। ਸਲੋਹ ਨੇੜੇ ਸੂਏ ਦੇ ਕੰਢੇ ਵੱਖ-ਵੱਖ ਕਿਸਮਾਂ ਦੇ ਪੰਜ ਬੂਟੇ ਲਗਾਏ ਗਏ। ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਅਤੇ ਸਾਬਕਾ ਕੌਂਸਲਰ ਗੁਰਦੇਵ ਕੌਰ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮੁੱਚੇ ਸੰਸਾਰ ਦਾ ਭਲਾਈ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੇ 62 ਸ਼ਲੋਕ ਦਰਜ਼ ਨੇ। ਅੱਜ ਦੇ ਸਮੇਂ ਮਾਨਵਤਾ ਦੀ ਭਲਾਈ ਲਈ ਗਲੋਬਲ ਵਾਰਮਿੰਗ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਕਿਉਂਕਿ ਗਲੋਬਲ ਵਾਰਮਿੰਗ ਕਾਰਨ ਦੁਨੀਆਂ ਭਰ ਵਿੱਚ ਗਰਮੀ ਵੱਧਦੀ ਜਾ ਰਹੀ ਹੈ। ਇਸ ਨਾਲ ਗਲੇਸ਼ੀਅਰ ਪਿਘਲਣ ਕਰਕੇ ਸਮੁੰਦਰ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਸਮੁੰਦਰ ਕੰਢੇ ਤੇ ਸਥਿਤ ਬਹੁਤ ਸਾਰੇ ਦੇਸ਼ਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਰਿਹਾ ਹੈ। ਗਰਮੀ ਦੀ ਤਪਸ਼ ਨੂੰ ਘਟਾਉਣ ਲਈ ਧਰਤੀ ਉੱਪਰ ਹਰਿਆਲੀ ਨੂੰ ਵਧਾਉਣਾ ਬਹੁਤ ਜ਼ਰੂਰੀ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਅਤੇ ਜਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਧਰਮਪਾਲ ਬਾਲੀ, ਰਜਿੰਦਰ ਕੌਰ ਅਤੇ ਸਾਬਕਾ ਕੌਂਸਲਰ ਗੁਰਦੇਵ ਕੌਰ ਹਾਜ਼ਰ ਸਨ।

