ਵਿਦਿਆਰਥੀ ਅਧਿਆਪਕ ਦਾ ਰਿਸ਼ਤਾ ਹੈ, ਨਾ ਕਿ ਨਸ਼ੇ ਦਾ : ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ
ਨਵਾਂਸ਼ਹਿਰ 05 ਮਈ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 04 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਬਿੰਦਪੁਰ (ਬੰਗਾ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਕੈਂਪ ਦੀ ਪ੍ਰਧਾਨਗੀ ਮਨਜੀਤ ਕੌਰ (ਪ੍ਰਿੰਸੀਪਲ) ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਸੰਸਥਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਰੈੱਡ ਕਰਾਸ ਅਜਿਹੀ ਸੰਸਥਾ ਹੈ, ਜੋ ਮਨੁੱਖੀ ਜੀਵਨ ਨੂੰ ਬਚਾਉਣ ਲਈ ਸਮਾਜਿਕ ਭਲਾਈ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਨਸ਼ੇ ਦੇ ਨਾਲ ਪੀੜਤ ਲੋਕਾਂ ਦਾ ਇਲਾਜ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰਾਂ ਅਤੇ ਸਰਕਾਰੀ ਹਸਪਤਾਲਾਂ,ਕੇਂਦਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਨਸ਼ਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਪੂਰਾ ਜੋਰ ਲਗਾਇਆ ਹੋਇਆ ਹੈ। ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਯੁੱਧ ਨਸ਼ਿਆ ਵਿਰੁੱਧ ਸਕੀਮ ਨਾਲ ਵੀ ਵਧੀਆਂ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਛੋਟੇ ਬੱਚੇ ਸਕੂਲ ਵਿੱਚ ਪੜੂਦੇ ਹੀ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ। ਕਈ ਵਾਰ ਬੱਚੇ ਜਾਣੇ ਅਣਜਾਣੇ ਵਿੱਚ ਆ ਕੇ ਵੱਡਿਆ ਨੌਜਵਾਨਾਂ ਦੀਆਂ ਗੱਲਾਂ ਵਿੱਚ ਆ ਕੇ ਨਸ਼ੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ ਹੌਲੀ ਹੌਲੀ ਬੱਚੇ ਬੀੜੀ,ਸਿਗਰਟ,ਤੰਬਾਕੂ,ਸ਼ਰਾਬ ਆਦਿ ਛੋਟੇ ਨਸ਼ਿਆ ਤੋਂ ਲੈ ਕੇ ਵੱਡੇ ਨਸ਼ੇ ਜਿਵੇਂ ਕਿ “ਹੈਰੋਇਨ”ਦੀ ਦਲਦਲ ਵਿੱਚ ਫਸ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਨਸ਼ਿਆਂ ਦੀ ਵਰਤੋਂ ਕਰਨ ਨਾਲ ਕਾਲਾ ਪੀਲੀਆ, ਐਚ. ਆਈ. ਵੀ ਵਰਗੀਆ ਭਿਆਨਕ ਬਿਮਾਰੀਆਂ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਕਿਵੇਂ ਵੱਡੀ ਗਿਣਤੀ ਵਿੱਚ ਸਕੂਲ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ। ਨਸ਼ਾ ਮੁਕਤ ਭਾਰਤ ਅਭਿਆਨ ਦੁਆਰਾ ਕੀਤੇ ਗਏ ਸਰਵੇ ਦੇ ਅੰਕੜਿਆ ਦੱਸਦੇ ਹੋਏ ਦੱਸਿਆ ਕਿ ਪੰਜਾਬ ਦੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ (ਲੜਕੇ- ਲੜਕੀਆਂ) ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਚੀਜ ਹੈ, ਜੋ ਹੌਲੀ-ਹੌਲੀ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਜ਼ਹਿਰ ਬਣ ਜਾਂਦਾ ਹੈ। ਸਾਨੂੰ ਬੱਚਿਆਂ ਦੇ ਸਕੂਲ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂਕਿ ਉਨ੍ਹਾਂ ਦੀ ਪੜਾਈ ਬਾਰੇ ਜਾਣਕਾਰੀ ਮਿਲ ਸਕੇ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕਿਸੇ ਵੀ ਤਰਾ ਦੀ ਸਮੱਸਿਆ ਆਉਦੀ ਹੈ ਤਾਂ ਸੱਭ ਤੋਂ ਪਹਿਲਾ ਆਪਣੇ ਅਧਿਆਪਕ ਸਹਿਬਾਨ ਜਾਂ ਮਾਤਾ ਪਿਤਾ ਨਾਲ ਸਾਝਾਂ ਕਰੋਂ। ਵਿਦਿਆਰਥੀਆਂ ਦਾ ਅਧਿਆਪਕਾਂ ਨਾਲ ਮਾਤਾ ਪਿਤਾ ਵਰਗਾ ਰਿਸ਼ਤਾ ਹੁੰਦਾ ਹੈ।ਸਾਨੂੰ ਬੱਚਿਆਂ ਨੂੰ ਆਪਣੇ ਗੁਰੂਆਂ, ਸ਼ਹੀਦੀ ਯੋਧਿਆਂ ਦੇ ਜੀਵਨ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂਆਂ , ਸ਼ਹੀਦੀ ਯੋਧਿਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਨੂੰ ਨਸ਼ਾ ਮੁਕਤ ਬਣਾਓ ਪੰਜਾਬ/ ਦੇਸ਼ ਨਸ਼ਾ ਮੁਕਤ ਹੋ ਜਾਵੇਗਾ ਅੰਤ ਵਿੱਚ ਉਨਾਂ ਨੇ ਦੱਸਿਆ ਕਿ ਸਾਨੂੰ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਆਪਣੇ ਇਤਿਹਾਸ ਨਾਲ ਜੋੜਨਾ ਪਵੇਗਾ ਤੇ ਗੁਰੂਆਂ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣ ਕਰਦੇ ਹੋਏ ਉਨਾਂ ਦੀਆਂ ਸਿਖਿਆਵਾਂ ਨਾਲ ਜੋੜਨਾ ਪਵੇਗਾ।ਅੰਤ ਵਿੱਚ ਸਾਰਿਆ ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ੇ ਤੋਂ ਦੂਰ ਰਹਿਣ ਲਈ ਪ੍ਰਣ ਲਿਆ ਕਿ ਉਹ ਜਿੰਦਗੀ ਵਿੱਚ ਕਦੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨਗੇ। ਇਸ ਮੌਕੇ ਤੇ ਕਮਲਜੀਤ ਕੌਰ, ਕੌਂਸਲਰ ਨੇ ਕੇਂਦਰ ਦੇ ਕੰਮਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ । ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਂਦਾ ਹੈ। ਸੁਭਾਸ਼ ਮੱਲਵੀ ,ਸੰਦੀਪ ਬਾਲੀ ਅਤੇ ਹਰਦੀਪ ਰਾਏ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਕਿਹਾ ਕਿ ਤੁਸੀ ਕਦੇ ਵੀ ਕਿਸੇ ਨਸ਼ੀਲੀ ਵਸਤੂ ਦੀ ਵਰਤੋਂ ਨਹੀਂ ਕਰਨੀ , ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜਰੂਰਤ ਹੈ ਤਾਂ ਅਧਿਆਪਕਾਂ ਨਾਲ ਸਾਂਝੀ ਕਰੋ। ਅੰਤ ਵਿੱਚ ਮਨਜੀਤ ਕੌਰ(ਪ੍ਰਿੰਸੀਪਲ) ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕਰਦਿਆ ਕਿਹਾ ਕਿ ਕੇਂਦਰ ਵਲੋਂ ਦਿੱਤੀ ਜਾਣਕਾਰੀ ਨੂੰ ਸਾਨੂੰ ਆਪਣੀ ਜਿੰਦਗੀ ਵਿੱਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਜੋ ਅਸੀ ਨਸ਼ਿਆਂ ਵਰਗੀਆਂ ਸਮਾਜਿਕ ਬੁਰੀਆਂ ਤੋਂ ਦੂਰ ਰਹੀਏ ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਸੰਦੀਪ ਕੁਮਾਰ ਬਾਲੀ, ਸਰਬਜੀਤ ਕੁਮਾਰ, ਹਰਮੇਸ਼ ਗੁਰੂ, ਜਸਵੀਰ ਸਿੰਘ, ਸੰਜੀਵ ਕੁਮਾਰ ਸੇਠੀ, ਸਤਵਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਨੇਹਾ, ਸੰਜੀਵ ਕੁਮਾਰ, ਮੈਡਮ ਤਾਰੋ, ਫਤਿਹ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਿਰ ਸਨ।





