ਨਵਾਂ ਸ਼ਹਿਰ (ਹਰਿੰਦਰ ਸਿੰਘ) ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ) ਦੀ ਬਰਸੀ ਤੇ ਸਲਾਨਾ ਖੂਨਦਾਨ ਕੈਂਪ ਮਿਤੀ ਪੰਜ ਅਗਸਤ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਆਰੰਭ ਹੋਵੇਗਾ ਤੇ ਤਿੰਨ ਵਜੇ ਤੱਕ ਚੱਲੇਗਾ। ਕੈਂਪ ਦਾ ਉਦਘਾਟਨ ਮੈਡਮ ਅਨਮਜੀਤ ਕੌਰ ਐਸ ਡੀ ਐਮ ਕਰਨਗੇ ਜੋ ਖੁਦ ਖੂਨਦਾਨੀ ਹਨ। ਡਾ. ਅਜੇ ਬੱਗਾ ਤੇ ਡਾ. ਦਿਆਲ ਸਰੂਪ ਦੀ ਨਿਗਰਾਨੀ ਹੇਠ ਤਕਨੀਕੀ ਸਟਾਫ ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕਰੇਗਾ। ਜ਼ਿਕਰਯੋਗ ਹੈ ਕਿ 18 ਸਾਲ ਤੋਂ 65 ਸਾਲ ਦੀ ਉਮਰ ਵਿਚਕਾਰਲੇ ਵਿਅਕਤੀ ਜਿਹਨਾ ਦਾ ਸਰੀਰਕ ਭਾਰ 45 ਕਿਲੋ ਤੋਂ ਘੱਟ ਨਾ ਹੋਵੇ, ਹੀਮੋਗਲੋਬਿਨ 12.5% ਗ੍ਰਾਮ ਤੋਂ ਘੱੱਟ ਨਾ ਹੋਵੇ, ਕੋਈ ਕਰੌਨਿਕ ਬਿਮਾਰੀ ਨਾ ਹੋਵੇ ਹਰ ਤਿੰਨ ਮਹੀਨੇ ਬਾਅਦ ਇਹ ਨੇਕ ਕਾਰਜ ਕਰ ਸਕਦਾ ਹੈ। ਇਸ ਮੌਕੇ ਖੂਨਦਾਨੀਆਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦਿੱਤੇ ਜਾਣਗੇ। ਸੰਸਥਾ ਦੇ ਪ੍ਰਧਾਨ ਐਸ ਕੇ ਸਰੀਨ, ਮੀਤ ਪ੍ਰਧਾਨ ਜੀ ਐਸ ਤੂਰ, ਸਕੱਤਰ ਜੇ ਐਸ ਗਿੱਦਾ ਤੇ ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਨੇ ਖੂਨਦਾਨੀ ਫ਼ਰਿਸ਼ਤਿਆਂ ਨੂੰ ਕੈਂਪ ਦੀ ਸਫਲਤਾ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।

