ਆਦਰਸ਼ ਬਾਲ ਵਿਦਿਆਲਿਆ ਹਾਈ ਸਕੂਲ ਰਾਹੋਂ ਵਿਖੇ ਗੁਰਮਤਿ ਕੈਂਪ ਸਫਲਤਾਪੂਰਵਕ ਸੰਪੰਨ/ਬੱਚਿਆਂ ਨੇ ਲਿਆ ਗੁਰਮਤਿ ਦੀ ਸਿੱਖਿਆ ਦਾ ਲਾਭ

ਆਦਰਸ਼ ਬਾਲ ਵਿਦਿਆਲਿਆ ਹਾਈ ਸਕੂਲ ਰਾਹੋਂ ਵਿਖੇ ਗੁਰਮਤਿ ਕੈਂਪ ਸਫਲਤਾਪੂਰਵਕ ਸੰਪੰਨ, ਬੱਚਿਆਂ ਨੇ ਲਿਆ ਗੁਰਮਤਿ ਦੀ ਸਿੱਖਿਆ ਦਾ ਲਾਭ

ਨਵਾਂ ਸ਼ਹਿਰ,6 ਮਈ 2026 (ਹਰਿੰਦਰ ਸਿੰਘ)ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਗੁਜਰਪੁਰ ਕਲਾਂ ਨਵਾਂ ਸ਼ਹਿਰ ਵੱਲੋਂ ਆਦਰਸ਼ ਬਾਲ ਵਿਦਿਆਲਿਆ ਹਾਈ ਸਕੂਲ, ਰਾਹੋਂ ਵਿਖੇ 2 ਮਈ 2026 ਤੋਂ 6 ਮਈ 2026 ਤੱਕ ਗੁਰਮਤਿ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਗੁਰਮਤ ਦੀ ਸਿੱਖਿਆ ਪ੍ਰਾਪਤ ਕੀਤੀ।ਕੈਂਪ ਦੌਰਾਨ ਬੱਚਿਆਂ ਨੂੰ ਗੁਰਬਾਣੀ , ਸਿੱਖ ਇਤਿਹਾਸ, ਰਹਿਤ ਮਰਯਾਦਾ ਅਤੇ ਚੰਗੇ ਆਚਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਨਾਲ ਹੀ ਬੱਚਿਆਂ ਨੂੰ ਨਿਤਨੇਮ ਦੀ ਮਹੱਤਤਾ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਵਿੱਚ ਅਨੁਸ਼ਾਸਨ ਅਤੇ ਸੇਵਾ ਭਾਵਨਾ ਨੂੰ ਵਧਾਉਣ ਲਈ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਇਸ ਪੂਰੇ ਕੈਂਪ ਦੌਰਾਨ ਗੁਰਮਤ ਗਿਆਨ ਮਿਸ਼ਨਰੀ ਕਾਲਜ ਦੀ ਪ੍ਰਚਾਰਕ ਟੀਮ ਵੱਲੋਂ ਪ੍ਰਚਾਰ ਦੀ ਸੇਵਾ ਨਿਭਾਈ ਗਈ। ਇਸ ਪ੍ਰਚਾਰਕ ਟੀਮ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤ ਪ੍ਰਚਾਰ ਕੇਂਦਰ ਦੇ ਮੁੱਖ ਪ੍ਰਚਾਰਕ ਸਿਮਰਪ੍ਰੀਤ ਸਿੰਘ ਜੈਤੋ ਵੱਲੋਂ ਕੀਤੀ ਗਈ। ਇਸ ਮੌਕੇ ਗੁਰਮਤਿ ਪ੍ਰਚਾਰ ਕੇਂਦਰ ਦੇ ਪ੍ਰਬੰਧਕ ਭਾਈ ਜਰਨੈਲ ਸਿੰਘ ਵੀ ਹਰ ਰੋਜ਼ ਹਾਜਰ ਰਹਿੰਦੇ ਸਨ ਅਤੇ ਉਨ੍ਹਾਂ ਵੱਲੋਂ ਕੈਂਪ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਸੰਭਾਲੇ ਗਏ।ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦਾ ਛੋਟਾ ਜਿਹਾ ਇਮਤਿਹਾਨ ਲਿਆ ਗਿਆ, ਜਿਸ ਵਿੱਚ ਬੱਚਿਆਂ ਨੇ ਬੜੀ ਰੁਚੀ ਨਾਲ ਭਾਗ ਲਿਆ। ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਬੱਚਿਆਂ ਦਾ ਹੌਸਲਾ ਵਧਾਇਆ ਗਿਆ।ਇਸ ਗੁਰਮਤਿ ਕੈਂਪ ਦਾ ਮੁੱਖ ਮਕਸਦ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਨਾਲ ਜੋੜਨਾ, ਉਨ੍ਹਾਂ ਦੇ ਚਰਿੱਤਰ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਨੂੰ ਸਹੀ ਜੀਵਨ ਜੀਉਣ ਦੀ ਰਾਹ ਦਿਖਾਉਣਾ ਸੀ। ਇਲਾਕੇ ਦੇ ਲੋਕਾਂ ਵੱਲੋਂ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ।

Leave a Reply

Your email address will not be published. Required fields are marked *

error: Content is protected !!