ਸਸਸ ਸਕੂਲ ਰਟੈਂਡਾ ਦੀਆਂ ਖਿਡਾਰਨਾਂ ਨੇ ਪੰਜਾਬ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਮਕਾਇਆ ਨਾਮ
ਨਵਾਂਸ਼ਹਿਰ 18 ਮਈ (ਹਰਿੰਦਰ ਸਿੰਘ) 22ਵੀਂ ਪੰਜਾਬ ਕਿੱਕ ਬਾਕਸਿੰਗ ਚੈਂਪੀਅਨਸ਼ਿਪ, ਜੋ ਕਿ ਬਨਾਰਸੀ ਦਾਸ ਕਾਲਜ ਜਲੰਧਰ ਵਿਖੇ ਆਯੋਜਿਤ ਹੋਈ, ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।ਚੈਂਪੀਅਨਸ਼ਿਪ ਦੌਰਾਨ ਵੱਖ-ਵੱਖ ਭਾਰ ਵਰਗਾਂ ਵਿੱਚ ਹੋਏ ਮੁਕਾਬਲਿਆਂ ਵਿੱਚ ਗੁਰਕੀਤ ਕੌਰ ਸਪੁੱਤਰੀ ਗੁਰਦੀਪ ਸਿੰਘ ਨੇ 52 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਉਸ ਦੀ ਚੋਣ ਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਵੀ ਹੋ ਗਈ ਹੈ।ਇਸ ਤੋਂ ਇਲਾਵਾ ਅਵਨੀਤ ਕੌਰ ਸਪੁੱਤਰੀ ਸਵਰਗੀ ਗੁਰਨਾਮ ਸਿੰਘ ਨੇ 42 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਅਤੇ ਰਾਵੀਆ ਸਪੁੱਤਰੀ ਅਮਰਪਾਲ ਨੇ 32 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।ਇਸ ਮੌਕੇ ਸਕੂਲ ਦੇ ਡੀ.ਪੀ.ਈ. ਜਗਸੀਰ ਸਿੰਘ ਨੇ ਦੱਸਿਆ ਕਿ ਇਹ ਖਿਡਾਰਨਾਂ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕੜੀ ਮਿਹਨਤ ਅਤੇ ਅਭਿਆਸ ਕਰ ਰਹੀਆਂ ਸਨ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਸ ਉਪਲਬਧੀ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਹੈ।ਸਕੂਲ ਇੰਚਾਰਜ ਰੇਖਾ ਭੱਲਾ ਨੇ ਸਾਰੀਆਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧੀਆਂ ਦੀ ਇਹ ਪ੍ਰਾਪਤੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਬਣੇਗੀ।ਇਸ ਮੌਕੇ ਸੁਰਜੀਤ ਕੌਰ, ਸੁਖਵਿੰਦਰ ਕੁਮਾਰ, ਸੰਕਲਪ ਪਾਲ, ਸੀਮਾ ਰਾਣੀ ਅਤੇ ਰਮਨਦੀਪ ਕੌਰ ਵੀ ਹਾਜ਼ਰ ਸਨ।

