ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਾਲ ਮਿਲ ਕੇ ਕੀਤਾ ਜਾਵੇਗਾ ਸਮਾਗਮਾਂ ਦਾ ਆਯੋਜਨ : ਬਾਬਾ ਨਰੰਗ ਸਿੰਘ
ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸ਼ਤਾਬਦੀ ਪੁਰਬ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਗੁ: ਮੰਜੀ ਸਾਹਿਬ ਪਾ: ੯ਵੀਂ ਬੰਗਾ ਰੋਡ ਵਿਖੇ ਮਨਾਇਆ ਜਾਵੇਗਾ ਜਿਸ ਵਿਚ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਹਿਗੜ੍ਹ ਸਾਹਿਬ ਅਤੇ ਪ੍ਰਸਿੱਧ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿ: ਸਰਬਜੀਤ ਸਿੰਘ ਜੀ 28, 29 ਅਤੇ 30 ਨਵੰਬਰ ਨੂੰ ਹੋਣ ਵਾਲੇ ਗੁਰਮਤਿ ਸਮਾਗਮਾਂ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰਨਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਗੁਰਦੁਆਰਾ ਮੰਜੀ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਰੰਗ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਤਾਬਦੀ ਪੁਰਬ ਨੂੰ ਜਿਲ੍ਹਾ ਪੱਧਰ ਤੇ ਸੰਯੁਕਤ ਰੂਪ ਵਿਚ ਵੱਡੇ ਪੱਧਰ ਤੇ ਮਨਾਉਣ ਲਈ ਫੈਸਲਾ ਦੋਨੋਂ ਸੰਸਥਾਵਾਂ ਦੀ ਮੀਟਿੰਗ ਦੌਰਾਨ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਮਿਤੀ 28 ਨਵੰਬਰ ਨੂੰ ਨਵਾਂਸ਼ਹਿਰ ਵਿਖੇ ਅਲੌਕਿਕ ਨਗਰ ਕੀਰਤਨ ਸਜਾਏ ਜਾਣਗੇ ਜਿਸ ਵਿਚ ਜਿਲ੍ਹਾ ਭਰ ਤੋਂ ਸੰਗਤਾਂ ਸ਼ਿਰਕਤ ਕਰਨਗੀਆਂ। ਉਪਰੰਤ 29 ਅਤੇ 30 ਨਵੰਬਰ ਨੂੰ ਜਿਲ੍ਹਾ ਪੱਧਰੀ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ ਜਿਨ੍ਹਾਂ ਵਿਚ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਸਾਹਿਬਾਨ ਤੋਂ ਇਲਾਵਾ ਢਾਡੀ ਅਤੇ ਕਵੀਸ਼ਰੀ ਜਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸ ਅਤੇ ਲਸਾਨੀ ਸ਼ਹਾਦਤ ਬਾਰੇ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਜਿਲ੍ਹਾ ਭਰ ਤੋਂ ਸੰਗਤਾਂ ਨੂੰ ਲਿਆਉਣ ਲਿਜਾਣ ਲਈ ਬੱਸਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਨ੍ਹਾਂ ਸਮਾਗਮਾਂ ਦੌਰਾਨ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਹਾਜਰੀ ਭਰਨਗੀਆਂ।
ਉਨ੍ਹਾਂ ਨੇ ਇਸ ਮੌਕੇ ਜਿਲ੍ਹਾ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮਾਜ ਸੇਵੀ ਜਥੇਬੰਦੀਆ, ਧਾਰਮਿਕ ਸੰਗਠਨਾਂ ਅਤੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਅਤੇ ਤਨ ਮਨ ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੀਟਿੰਗ ਦੌਰਾਨ ਤਰਲੋਚਨ ਸਿੰਘ ਖਟਕੜ ਕਲਾਂ,ਇੰਦਰਜੀਤ ਸਿੰਘ ਬਾਹੜਾ, ਕੁਲਜੀਤ ਸਿੰਘ ਖਾਲਸਾ, ਗਿਆਨ ਸਿੰਘ, ਦਲਜੀਤ ਸਿੰਘ ਬਡਵਾਲ, ਬਖਸ਼ੀਸ਼ ਸਿੰਘ ਸੈਣੀ, ਰਾਮ ਪਾਲ ਰਾਏ, ਸੋਹਣ ਸਿੰਘ ਅਕਾਊਂਟੈਂਟ, ਇੰਦਰਜੀਤ ਸ਼ਰਮਾ, ਗੁਰਪਾਲ ਸਿੰਘ ਅਤੇ ਹੋਰ ਸੱਜਣ ਵੀ ਮੌਜੂਦ ਸਨ।

