ਨਵਾਂਸ਼ਹਿਰ 30 ਅਗਸਤ (ਹਰਿੰਦਰ ਸਿੰਘ) ਨੇਤਰਦਾਨ ਜਾਗਰੂਕਤਾ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ।ਇਸ ਮੌਕੇ ‘ਤੇ ਨੇਤਰ ਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਸਲਾਹਕਾਰ ਅਸ਼ੋਕ ਸ਼ਰਮਾ ਸੇਵਾਮੁਕਤ ਬੈਂਕ ਮੈਨੇਜਰ, ਰੋਟਰੀ ਆਈ ਬੈਂਕ ਹੁਸ਼ਿਆਰਪੁਰ ਦੇ ਚੇਅਰਮੈਨ ਜੇ.ਬੀ. ਬਹਿਲ, ਡਾ. ਤਰਸੇਮ ਸਿੰਘ,ਪ੍ਰੋਫੈਸਰ ਦਲਜੀਤ ਸਿੰਘ, ਡਾ ਰਾਜੀਵ ਸ਼ਰਮਾ ਅਤੇ ਅਸ਼ਵਨੀ ਦੱਤਾ ਸਮੇਤ ਇੱਕ ਵਫ਼ਦ ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਲਿਆ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੂੰ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਅਤੇ ਨੇਤਰ ਦਾਨ ਸੰਸਥਾ ਨਵਾਂਸ਼ਹਿਰ ਵੱਲੋਂ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਇਹ ਕਮੀ ਨੇਤਰਦਾਨ ਕਰਨ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਸਾਰਿਆਂ ਨੂੰ ਮੌਤ ਤੋਂ ਬਾਅਦ ਨੇਤਰ ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਸੇਵਾ ਕਾਰਜ ਵਿੱਚ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡਿਪਟੀ ਕਮਿਸ਼ਨਰ ਨੇ ਇਸ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਸੈਮੀਨਾਰ ਆਦਿ ਕਰਵਾ ਕੇ ਲੋਕਾਂ ਨੂੰ ਨੇਤਰਦਾਨ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜੇ.ਬੀ. ਬਹਿਲ, ਡਾ. ਤਰਸੇਮ ਸਿੰਘ ਅਤੇ ਰਤਨ ਕੁਮਾਰ ਜੈਨ ਨੇ ਕਿਹਾ ਕਿ ਜਿਹੜੇ ਪਰਿਵਾਰ ਮੌਤ ਤੋਂ ਬਾਅਦ ਆਪਣੇ ਸਰੀਰ ਅਤੇ ਨੇਤਰ ਦਾਨ ਕਰਦੇ ਹਨ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਡੀ.ਸੀ.ਨੇ ਇਸ ਵੱਲ ਧਿਆਨ ਦੇਣ ਦਾ ਭਰੋਸਾ ਦਿੱਤਾ ਅਤੇ ਨੇਤਰਦਾਨ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਜੇ.ਬੀ. ਬਹਿਲ ਅਤੇ ਡਾ. ਤਰਸੇਮ ਸਿੰਘ ਨੇ ਕਿਹਾ ਕਿ ਹੁਣ ਤੱਕ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਨੇ 4118 ਲੋੜਵੰਦ ਲੋਕਾਂ ਦੇ ਕੌਰਨੀਆ ਟ੍ਰਾਂਸਪਲਾਂਟ ਆਪ੍ਰੇਸ਼ਨ ਕੀਤੇ ਹਨ। ਜਿਨ੍ਹਾਂ ਦਾ ਸਾਰਾ ਖਰਚਾ ਰੋਟਰੀ ਆਈ ਬੈਂਕ ਨੇ ਚੁੱਕਿਆ ਹੈ। ਇਸ ਮੌਕੇ ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਅਤੇ ਸਲਾਹਕਾਰ ਅਸ਼ੋਕ ਸ਼ਰਮਾ ਨੇ ਵੀ ਕਿਹਾ ਕਿ ਹੁਣ ਤੱਕ ਨਵਾਂਸ਼ਹਿਰ ਸੰਸਥਾ ਨੂੰ ਮੌਤ ਤੋਂ ਬਾਅਦ 560 ਲੋਕਾਂ ਦੀਆਂ ਅੱਖਾਂ ਮਿਲੀਆਂ ਹਨ। ਲਗਭਗ 7000 ਲੋਕਾਂ ਨੇ ਮੌਤ ਤੋਂ ਬਾਅਦ ਨੇਤਰ ਦਾਨ ਲਈ ਪ੍ਰਣ ਫਾਰਮ ਭਰੇ ਹਨ। ਉਨ੍ਹਾਂ ਕਿਹਾ ਕਿ ਮੌਤ ਤੋਂ 6 ਤੋਂ 8 ਘੰਟਿਆਂ ਦੇ ਅੰਦਰ ਨੇਤਰ ਦਾਨ ਕੀਤੇ ਜਾਣੇ ਚਾਹੀਦਾ ਹਨ।

