ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਦੀ ਵੱਡੀ ਇਤਿਹਾਸਿਕ ਮਹੱਤਤਾ ਹੈ, ਪ੍ਰਸਿਧ ਨਗਰ ਨੂੰ ਬਹਿਲੋਲ ਲੋਧੀ ਦੇ ਰਾਜਕਾਲ ਵਿਚ ਇੱਕ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ,ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਿਕ ਗੁਰਦੁਆਰਾ ਸ੍ਰੀ ਕੰਧ ਸਾਹਿਬ,ਸ੍ਰੀ ਡੇਹਰਾ ਸਾਹਿਬ ਸੁਸ਼ੋਬਿਤ ਹਨ।ਗੁਰਦੁਆਰਾ ਸ੍ਰੀ ਕੰਧ ਸਾਹਿਬ ਉਸ ਸਮੇਂ ਦੀ ਇਤਿਹਾਸਕ ਯਾਦਗਾਰ ਹੈ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਚ ਬਰਾਤ ਲੈ ਕੇ ਆਏ ਸਨ।ਜਿਸ ਸਥਾਨ ’ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਇਹ ਹਵੇਲੀ ਭਾਈ ਜਮੀਤ ਰਾਏ ਬੰਸੀ ਦੀ ਸੀ।ਇਤਿਹਾਸ ਅਨੁਸਾਰ ਗੁਰੂ ਜੀ ਦੇ ਸਹੁਰਾ ਪਰਿਵਾਰ ਦੀਆਂ ਲੜਕੀਆਂ ਨੇ ਹਾਸਾ-ਮਖੌਲ ਕਰਨ ਲਈ ਲਾੜੇ (ਗੁਰੂ ਜੀ) ਦਾ ਮੰਜ਼ਾ ਇਕ ਪੁਰਾਣੀ (ਕੱਚੀ ਕੰਧ) ਨੇੜੇ ਡਾਹ ਦਿੱਤਾ।ਉਥੇ ਮੌਜੂਦ ਇਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੰਧ ਕੱਚੀ ਹੈ ਜੋ ਢਹਿਣ ਹੀ ਵਾਲੀ ਹੈ, ਇਥੋਂ ਉੱਠ ਕੇ ਜਰਾ ਪਰ੍ਹੇ ਹੋ ਜਾਓ।ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਾਤਾ ਜੀ, ਇਹ ਕੰਧ ਜੁਗੋ-ਜੁਗ ਕਾਇਮ ਰਹੇਗੀ।ਉਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ ਵਿੱਚ ਸੁਰੱਖਿਅਤ ਅੱਜ ਵੀ ਮੌਜੂਦ ਹੈ।ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਇਸ ਸਥਾਨ ’ਤੇ ਪੱਕਾ ਗੁਰੂ-ਅਸਥਾਨ ਬਣਾਇਆ ਜੋ ਕਿ ਸੰਗਤਾਂ ਲਈ ਦਰਸ਼ਨਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਥੇ ਹਰ ਸਾਲ ਭਾਰੀ ਜੋੜ ਮੇਲਾ ਲੱਗਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ।

