ਨਵਾਂਸ਼ਹਿਰ 27 ਜਨਵਰੀ (ਹਰਿੰਦਰ ਸਿੰਘ)ਗੁਰਬਾਣੀ ਦੇ ਪਵਿੱਤਰ ਸਲੋਕੁ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਤੇ ਅਮਲ ਕਰਦੇ ਹੋਏ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਪਿਛਲੇ 23 ਸਾਲਾਂ ਤੋਂ ਜਨਹਿੱਤ ਉਪਰਾਲੇ ਕੀਤੇ ਜਾ ਰਹੇ ਹਨ। ਸੋਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਤਰਸੇਮ ਲਾਲ ਨੇ ਕਿਹਾ ਕਿ ਇਲਾਕੇ ਦੇ ਬਹੁਤ ਸਾਰੇ ਸਕੂਲਾਂ ਵਿੱਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਪਾਣੀ ਦੀ ਸਹੀ ਵਰਤੋਂ ਕਰਨ, ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਹਵਾ ਨੂੰ ਗੰਦਾ ਨਾਂ ਕਰਨ ਅਤੇ ਧਰਤੀ ਤੇ ਹਰਿਆਲੀ ਵਧਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸੁਸਾਇਟੀ ਮੈਂਬਰਾਂ ਵੱਲੋਂ ਵੱਖ-ਵੱਖ ਸਕੂਲਾਂ, ਕਾਲਜਾਂ, ਪਾਰਕਾਂ, ਗੁਰੂਘਰਾਂ,ਸੜਕਾਂ ਅਤੇ ਨਹਿਰ ਕਿਨਾਰੇ ਹੁਣ ਤੱਕ 52000 ਤੋਂ ਜ਼ਿਆਦਾ ਬੂਟੇ ਲਗਾਏ ਜਾ ਚੁੱਕੇ ਹਨ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕੂਲ ਯੂਨੀਫ਼ਾਰਮ ਦਿੱਤੀਆਂ ਗਈਆਂ। ਸੁਸਾਇਟੀ ਦੇ ਲੋਕ ਭਲਾਈ ਕਾਰਜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਗਰ ਕੌਂਸਲ ਨਵਾਂਸ਼ਹਿਰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ ਅਤੇ ਮੈਂਬਰ ਧਰਮ ਪਾਲ ਬਾਲੀ ਨੇ ਇਹ ਸਨਮਾਨ ਚਿੰਨ੍ਹ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਬਲਵਿੰਦਰ ਕੌਰ ਤੋਂ ਪ੍ਰਾਪਤ ਕੀਤਾ। ਸੁਸਾਇਟੀ ਮੈਂਬਰ ਧਰਮ ਪਾਲ ਬਾਲੀ ਨੇ ਕਿਹਾ ਕਿ ਸਮਾਜ ਅਤੇ ਪ੍ਰਸ਼ਾਸਨ ਵਲੋਂ ਕੀਤੀ ਗਈ ਸ਼ਲਾਘਾ ਨਾਲ ਸੁਸਾਇਟੀ ਮੈਂਬਰਾਂ ਨੂੰ ਹੋਰ ਉਤਸ਼ਾਹ ਮਿਲਦਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸਮਾਜ ਭਲਾਈ ਅਤੇ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਕਰਦੇ ਰਹਾਂਗੇ।

