ਨਵਾਂਸ਼ਹਿਰ 23 ਮਾਰਚ (ਹਰਿੰਦਰ ਸਿੰਘ)ਭਰੀ ਜਵਾਨੀ ਵਿੱਚ ਆਪਾ ਵਾਰ ਕੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਚੋਂ ਆਜ਼ਾਦ ਕਰਵਾਉਣ ਵਾਲੇ ਦੇਸ਼ਭਗਤ ਕ੍ਰਾਂਤੀਕਾਰੀਆਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ ਕਿ ਉਨ੍ਹਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਦੇਸ਼ ਅਤੇ ਦੇਸ਼ਵਾਸੀਆਂ ਦੀ ਭਲਾਈ, ਤਰੱਕੀ, ਖੁਸ਼ਹਾਲੀ, ਇਕਜੁੱਟਤਾ, ਤੰਦਰੁਸਤੀ ਅਤੇ ਇਕਸਾਰਤਾ ਲਈ ਮਿਲ-ਜੁਲ ਕੇ ਕੰਮ ਕੀਤਾ ਜਾਵੇ। ਇਹ ਵਿਚਾਰ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਬਾਰਾਂਦਰੀ ਬਾਗ ਵਿਖੇ ਸ਼ਹੀਦ ਏ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਪ੍ਰਗਟਾਏ। ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਸਾਨੂੰ ਆਜ਼ਾਦੀ ਦਿਵਾਉਣ ਲਈ ਜਾਨਾਂ ਵਾਰਨ ਵਾਲੇ ਲੱਖਾਂ ਸ਼ਹੀਦਾਂ ਦਾ ਸੁਪਨਾ ਸੀ ਕਿ ਸਾਡਾ ਮੁਲਕ ਆਜ਼ਾਦ ਹੋਵੇ ਅਤੇ ਦੇਸ਼ਵਾਸੀ ਇਮਾਨਦਾਰ, ਖੁਸ਼ਹਾਲ, ਸਿਹਤਮੰਦ ਅਤੇ ਸੁਰੱਖਿਅਤ ਹੋਣ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਵਾਤਾਵਰਣ ਨੂੰ ਖਰਾਬ ਕਰਕੇ ਖੁਸ਼ਹਾਲੀ ਲੱਭਣ ਦੀ ਦੋੜ ਲੱਗੀ ਹੋਈ ਹੈ। ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਗਲੋਬਲ ਵਾਰਮਿੰਗ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦਾ ਪਾਲਨ ਪੋਸ਼ਣ ਕਰਨਾ ਚਾਹੀਦਾ ਹੈ। ਬਾਗ ਵਿੱਚ ਸੈਰ ਕਰ ਰਹੇ ਮਹੇਸ਼ ਚੋਪੜਾ, ਮੰਜੂ ਚੋਪੜਾ ਅਤੇ ਰਾਇਨਾ ਚੋਪੜਾ ਤੋਂ ਸਿਲਵਰ ਓਕ,ਚਕਰੇਸ਼ੀਆ, ਗੁਲਮੋਹਰ, ਅਮਲਤਾਸ ਆਦਿ ਦੇ 11 ਬੂਟੇ ਲਗਵਾਏ। ਇਸ ਮੋਕੇ ਤੇ ਮਹੇਸ਼ ਚੋਪੜਾ ਨੇ ਕਿਹਾ ਕਿ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਸ਼ਹੀਦਾਂ ਨੂੰ ਵਿਲੱਖਣ ਕਿਸਮ ਦੀ ਸ਼ਰਧਾਂਜਲੀ ਦੇਣ ਅਤੇ ਪ੍ਰਦੂਸ਼ਣ ਮੁਕਤ ਭਾਰਤ ਦੀ ਸਿਰਜਣਾ ਕਰਨ ਲਈ ਬੂਟੇ ਲਗਾਉਣਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ,ਕੈਸ਼ੀਅਰ ਕੁਲਦੀਪ ਕੁਮਾਰ, ਅਰੁਣ ਕੁਮਾਰ ਬਾਲੀ, ਸਤਪਾਲ ਸ਼ਰਮਾਂ, ਧਰਮਪਾਲ ਬਾਲੀ, ਰਾਇਨਾ ਚੋਪੜਾ, ਮਹੇਸ਼ ਚੋਪੜਾ, ਮੰਜੂ ਚੋਪੜਾ ਹਾਜਿਰ ਸਨ।

