ਨਵਾਂਸ਼ਹਿਰ 27 ਮਾਰਚ (ਹਰਿੰਦਰ ਸਿੰਘ) ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਦੀਆਂ ਵੱਖ-ਵੱਖ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਦਿਖਾਉਣ ਲਈ ਪਿੰਡ ਰੱਕੜਾ ਢਾਹਾਂ ਅਤੇ ਪਿੰਡ ਬੀਸਲਾ ਵਿਖੇ ਖੇਤ ਦਿਵਸ ਮਨਾਇਆ ਗਿਆ।ਡਾਕਟਰ ਪ੍ਰਦੀਪ ਕੁਮਾਰ (ਡਿਪਟੀ ਡਾਇਰੈਕਟਰ) ਜੀ ਨੇ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਂਦੀਆਂ ਵੱਖ-ਵੱਖ ਮਸ਼ੀਨਾਂ ਸੁਪਰਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ ਨਾਲ ਬੀਜੀ ਹੋਈ ਕਣਕ ਦੀਆਂ ਵਿਸ਼ੇਸ਼ਤਾਵਾਂ ਬਾਰੇਚਾਨਣਾ ਪਾਇਆ। ਉਹਨਾਂ ਵੱਖ ਵੱਖ ਮਸ਼ੀਨਾਂ ਦੀ ਵਰਤੋਂ ਦੇ ਢੰਗਾਂ ਬਾਰੇ, ਪਰਾਲੀ ਦੀ ਸੰਭਾਲ ਵਾਲੀਆਂ ਮਸ਼ੀਨਾਂ ਦੀ ਵਰਤੋਂ ਨਾਲ ਵਾਤਾਵਰਣ ਪੱਖੀ ਫਾਇਦਿਆਂ ਬਾਰੇ, ਖੇਤੀ ਖਰਚਿਆਂ ਦੀ ਬਚਤ ਬਾਰੇ ਵਿਸਤਾਰਪੂਰਵਕ ਗੱਲਬਾਤ ਕੀਤੀ। ਡਾਕਟਰ ਜਸਵਿੰਦਰ ਕੁਮਾਰ (ਸਹਾਇਕ ਪ੍ਰੋਫੈਸਰ) ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਦਬਾ ਕੇ ਹੀ ਕਣਕ ਦੀ ਬਿਜਾਈ ਕਰਨ ਸਮੇਂ ਕਣਕ ਦੀਆਂ ਕਿਸਮਾਂ ਬਾਰੇ, ਬੀਜ ਦੀ ਮਾਤਰਾ, ਬੀਜ ਦੀ ਸੋਧ, ਖਾਦਾਂ ਅਤੇ ਸਿੰਚਾਈ ਦੇ ਵੱਖ ਵੱਖ ਢੰਗਾਂ ਬਾਰੇ ਵੀ ਉਹਨਾਂ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਸਾਨਾਂ ਨੂੰ ਇਨਾਂ ਮਸ਼ੀਨਾਂ ਦੀ ਵਰਤੋਂ ਤੋਂ ਪਹਿਲਾਂਝੋਨੇ ਦੀ ਪਰਾਲੀ ਨੂੰ ਇੱਕ ਸਾਰ ਖੇਤ ਵਿੱਚ ਖਿਲਾਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਕਣਕ ਦੇ ਬੀਜ ਦਾ ਸਹੀ ਜਮ ਹੋ ਸਕੇ ਅਤੇ ਵੱਧ ਝਾੜ ਮਿਲ ਸਕੇ। ਉਹਨਾਂ ਸਰਫੇਸ ਸੀਡਰ ਮਸ਼ੀਨ ਨਾਲ ਮਲਚਿੰਗ ਵਾਲੀ ਕਣਕ ਬਾਰੇ ਕਿਸਾਨਾਂ ਨੂੰ ਦੱਸਿਆ ਕਿ ਇਹ ਸਭ ਤੋਂ ਘੱਟ ਖਰਚੇ ਵਾਲੀ ਤਕਨੀਕ ਹੈ ਅਤੇ ਇਸ ਦਾ ਝਾੜ ਖੇਤ ਵਾਹ ਕੇ ਬੀਜੀ ਹੋਈ ਕਣਕ ਦੇ ਬਰਾਬਰ ਹੀ ਆਉਂਦਾ ਹੈ। ਉਹਨਾਂ ਕਿਸਾਨਾਂ ਨੂੰ ਕਣਕ ਦਾ ਬੀਜ ਆਪਣਾ ਆਪ ਰੱਖਣ ਲਈ ਵੀ ਪ੍ਰੇਰਿਤ ਕੀਤਾ।ਡਾਕਟਰ ਬਲਜੀਤ ਸਿੰਘ (ਸਹਾਇਕ ਪ੍ਰੋਫੈਸਰ) ਜੀ ਨੇ ਆਉਂਦੇ ਸਾਉਣੀ ਸੀਜਨ ਵਿੱਚ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਅਤੇ ਪਨੀਰੀ ਅਗੇਤੀ ਨਾ ਲਗਾਉਣ ਲਈ ਕਿਸਾਨਾਂ ਨੂੰ ਸਲਾਹ ਦਿੱਤੀ। ਉਨ੍ਹਾਂ ਝੋਨੇ ਹੇਠੋਂ ਰਕਬਾ ਕੱਢ ਕੇ ਗਰਮੀ ਰੁੱਤ ਦੀ ਮੂੰਗੀ, ਬਹਾਰ ਰੁੱਤ ਵਿੱਚ ਮੂੰਗਫ਼ਲੀ ਅਤੇ ਗੰਨੇ ਦੀ ਕਾਸ਼ਤ ਬਾਰੇ, ਸਾਉਣੀਰੁੱਤ ਵਿੱਚ ਮੱਕੀ, ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।ਉਨ੍ਹਾਂ ਨੇ ਹਾੜ੍ਹੀ ਅਤੇ ਸਾਉਣੀ ਦੀਆਂ ਫਸਲਾਂ ਵਿੱਚ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੇ ਹਮਲੇ ਦੇ ਲੱਛਣਾਂ ਬਾਰੇ ਅਤੇ ਇਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉਹਨਾਂ ਸਰੋਂ ਦੀ ਫਸਲ ਵਿੱਚ ਜੇਕਰ ਸਪਰੇ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਸ਼ਾਮ ਵੇਲੇ ਕਰਨ ਦੀ ਸਲਾਹ ਦਿੱਤੀ ਜਦੋਂ ਖੇਤ ਵਿੱਚ ਮਧੂ ਮੱਖੀਆਂ ਖੇਤ ਵਿੱਚ ਬਹੁਤ ਘੱਟ ਹੋਣ। ਉਨ੍ਹਾਂ ਕਿਸਾਨਾਂ ਨੂੰ ਕੈਮੀਕਲ ਸਪਰੇਆਂ ਆਰਥਿਕ ਕਗਾਰ ਪੱਧਰ ਤੇ ਕਰਨ ਦੀ ਸਲਾਹ ਦਿੱਤੀ ਤਾਂ ਜੋ ਕਿਸਾਨ ਬੇਲੋੜੀਆਂ ਦਵਾਈਆਂ ਦੀ ਵਰਤੋਂ ਤੋਂ ਬਚ ਸਕਣ। ਡਾਕਟਰ ਤੇਜ ਵੀਰ ਸਿੰਘ (ਸਹਾਇਕ ਪ੍ਰੋਫੈਸਰ) ਨੇ ਝੋਨੇ ਦੀ ਪਰਾਲੀ ਨੂੰ ਹੋਰ ਵੱਖ ਵੱਖ ਢੰਗਾਂ ਵਿੱਚ ਵਰਤਣ ਦੇ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ, ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਡੇਅਰੀ ਯੂਨਿਟ ਦੇ ਵਿੱਚ ਵਰਤਣ ਦੇ ਲਈ, ਫਸਲਾਂ ਦੇ ਵਿੱਚ ਮਲਚਿੰਗ ਦੇ ਤੌਰ ਤੇ ਵਰਤਣ ਦੇ ਲਈ, ਖੁੰਭਾਂ ਪੈਦਾ ਕਰਨ ਦੇ ਲਈ ਵਰਤੋਂ ਬਾਰੇ ਦੱਸਿਆ। ਉਹਨਾਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਕਿੰਨੀ ਮਾਤਰਾ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਹਰੇ ਚਾਰੇ ਦੇ ਨਾਲ ਪਸ਼ੂਆਂ ਨੂੰ ਬਿਨਾਂ ਨੁਕਸਾਨ ਦੇ ਖਵਾਇਆ ਜਾ ਸਕਦਾ ਹੈ।ਉਹਨਾਂ ਕੇ ਵੀ ਕੇ ਲੰਗੜੋਆ ਵੱਲੋਂ ਸਾਉਣੀ ਰੁੱਤ ਲਈ ਮੁਹੱਈਆ ਕਰਵਾਏ ਜਾ ਰਹੇ ਵੱਖ ਵੱਖ ਫ਼ਸਲਾਂ ਦੇ ਬੀਜਾਂ ਬਾਰੇ, ਕਿੱਤਾਮੁਖੀ ਕਿਸਾਨ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਖੇਤੀ ਦੇ ਨਾਲ ਸਹਾਈ ਧੰਦੇ ਅਪਨਾ ਕੇ ਖੇਤੀ ਆਮਦਨ ਚ ਵਾਧਾ ਕਰਨ ਲਈ ਉਤਸਾਹਿਤ ਕੀਤਾ ਗਿਆ। ਖੇਤ ਦਿਵਸ ਵਿੱਚ ਖੇਤੀ ਸਮੱਸਿਆਵਾਂ ਸਬੰਧੀ ਕਿਸਾਨਾਂ ਦੇ ਸਵਾਲਾਂ ਦੇ ਹੱਲ ਦੱਸੇ ਗਏ ਅਤੇ ਪਰਾਲੀ ਨੂੰ ਖੇਤ ਵਿੱਚ ਸੰਭਾਲ ਲਈ ਵੱਖ ਵੱਖ ਮਸ਼ੀਨਾਂ ਨਾਲ ਬਿਜਾਈ ਕੀਤੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ।


