ਨਵਾਂਸ਼ਹਿਰ 30 ਮਾਰਚ (ਬਿਊਰੋ ਚੀਫ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਵਿੱਚ ਅੱਠਵੀਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਸੰਚਾਲਨ ਫਰਵਰੀ ਤੋਂ ਲੈ ਕੇ ਹੁਣ ਤੱਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਨਕਲ ਰੋਕਣ ਲਈ ਜਿਥੇ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਉਡਣ ਦਸਤੇ ਤਾਇਨਾਤ ਕੀਤੇ ਗਏ ਹਨ ਉਥੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਤਜਰਬੇ ਕਰਦਿਆਂ ਜ਼ਿਲ੍ਹਾ ਪੱਧਰੀ ਉਡਣ ਦਸਤੇ ਤੋਂ ਇਲਾਵਾ ਹੋਰ ਉਚੀ ਛਾਲ ਮਾਰਦਿਆਂ ਇਸ ਵਾਰ ਅੰਤਰ ਜ਼ਿਲ੍ਹਾ ਉਡਣ ਦਸਤੇ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ।ਜਿਸ ਦੇ ਸੰਦਰਭ ਵਿਚ ਉਡਣ ਦਸਤੇ ਨਾਲ ਸਬੰਧਤ ਤਾਇਨਾਤ ਅਧਿਕਾਰੀ ਆਪਣੇ ਨਾਲ ਆਪਣੇ ਨਿੱਜੀ ਸਕੂਲਾਂ ਤੋਂ ਦੋ ਜਾਂ ਤਿੰਨ ਚਹੇਤਿਆਂ ਦਾ ਲਾਮ ਲਸ਼ਕਰ ਲੈ ਕੇ ਦੂਸਰੇ ਜ਼ਿਲਿਆਂ ਵਿਚ ਨਕਲ ਰੋਕਣ ਲਈ ਜੱਦੋਜਹਿਦ ਕਰ ਰਹੇ ਹਨ। ਜਦਕਿ ਉਨ੍ਹਾਂ ਦੇ ਪਿਤਰੀ ਜ਼ਿਲ੍ਹਿਆਂ ਵਿੱਚ ਨਕਲ ਪੂਰੀ ਜੋਬਨ ਤੇ ਹੋ ਰਹੀ ਹੈ। ਸਕੂਲ ਨਾਲ ਸਬੰਧਤ ਕੁਝ ਅਧਿਆਪਕਾਂ ਨੇ ਦੱਬਵੀਂ ਅਵਾਜ਼ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਪਾਸੇ ਸਕੂਲਾਂ ਵਿਚ ਬੋਰਡ ਦੇ ਪੇਪਰਾਂ ਦੀ ਮਾਰਕਿੰਗ ਚੱਲ ਰਹੀ ਹੈ ਅਤੇ ਦੂਸਰੇ ਪਾਸੇ ਬਹੁਤੇ ਪ੍ਰਿੰਸੀਪਲ ਆਪਣੇ ਨਾਲ ਵਾਧੂ ਲਾਮ ਲਸ਼ਕਰ ਲੈ ਕੇ ਦੂਜੇ ਜ਼ਿਲ੍ਹਿਆਂ ਵਿੱਚ ਨਕਲ ਰੋਕੂ ਅਭਿਆਨ ਲਈ ਜੁਟੇ ਹੋਏ ਹਨ। ਅਧਿਆਪਕਾਂ ਅਨੁਸਾਰ ਬਹੁਤ ਸਾਰੇ ਮਾਰਕਿੰਗ ਕੇਂਦਰਾਂ ਵਿੱਚ ਅਜੇ ਬੋਰਡ ਦੇ ਪੇਪਰਾਂ ਦੀਆਂ ਥੈਲੀਆਂ ਚੁੱਕਣ ਲਈ ਪੈਂਡਿੰਗ ਪਈਆਂ ਹਨ, ਜਿਨ੍ਹਾਂ ਵਿਚ ਬਹੁਤ ਸਾਰੇ ਵਿਸ਼ਾ ਅਧਿਆਪਕ ਪੇਪਰ ਚੈਕ ਕਰਨ ਤੋਂ ਮੁਨਕਰ ਹੋ ਰਹੇ ਹਨ।ਬੋਰਡ ਨਾਲ ਸਬੰਧਤ ਲਗਾਏ ਗਏ ਪ੍ਰੀਖਿਆ ਕੋਆਰਡੀਨੇਟਰਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਾਰਕਿੰਗ ਵਿਚ ਤੇਜੀ ਲਿਆਉਣ ਚ ਧਿਆਨ ਦੇਣ ਅਤੇ ਉਡਣ ਦਸਤੇ ਦੇ ਤਾਇਨਾਤ ਅਧਿਕਾਰੀ ਨਾਲ ਬੇਲੋੜੇ ਲਾਮ ਲਸ਼ਕਰ ਲਿਜਾਣ ਤੋਂ ਗ਼ੁਰੇਜ਼ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕੁਝ ਕੁ ਅਧਿਆਪਕਾਂ ਨੇ ਇਹ ਸਵਾਲ ਵੀ ਖੜ੍ਹੇ ਕੀਤੇ ਹਨ ਕਿ ਅੰਤਰ ਜ਼ਿਲ੍ਹਾ ਉਡਣ ਦਸਤੇ ਤਾਇਨਾਤ ਕੀਤੇ ਅਧਿਕਾਰੀ ਕਿਸ ਪੱਤਰ ਤਹਿਤ ਆਪਣੇ ਨਾਲ ਬੇਲੋੜਾ ਲਾਮ ਲਸ਼ਕਰ ਲੈ ਕੇ ਘੁੰਮ ਰਹੇ ਹਨ। ਉਨ੍ਹਾਂ ਸਿੱਖਿਆ ਅਫਸਰ ਨੂੰ ਇਸ ਸਬੰਧੀ ਨਿਜੀ ਤੌਰ ਤੇ ਦਖਲ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਇਸ ਨਾਲ ਪਾਰਕਿੰਗ ਜਾਂ ਸੰਸਥਾਵਾਂ ਦੇ ਹੋਰ ਕੰਮ ਪ੍ਰਭਾਵਿਤ ਨਾ ਹੋਣ।
