ਉੜਾਪੜ ਵਾਸੀ ਗੁਰਚਰਨ ਸਿੰਘ ਨੇ ਦੋ ਸੌ ਲਾ ਕੇ ਡੇਢ ਕਰੋੜ ਰੁਪਏ ਕਮਾਏ – ਲਾਟਰੀ ਦੇ ਇਨਾਮ ਨੇ ਫਰਸ਼ ਤੋਂ ਅਰਸ਼ ਤੇ ਪਹੁੰਚਾਇਆ ਪਰਿਵਾਰ

ਨਵਾਂਸ਼ਹਿਰ 8 ਅਪ੍ਰੈਲ (ਹਰਿੰਦਰ ਸਿੰਘ)ਨਜ਼ਦੀਕੀ ਪਿੰਡ ਔੜ ਵਿਖੇ ਰੂਹਾਨੀ ਲਾਟਰੀ ਸਟਾਲ ‘ਤੇ ਉਸ ਵਕਤ ਖੁਸ਼ੀ ਦੀ ਲਹਿਰ ਦੇਖੀ ਗਈ ਅਤੇ ਢੋਲ ਦੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੇ ਇੱਕ ਤਬਲਾ ਵਜਾਉਣ ਅਤੇ ਜਗਰਾਤਿਆਂ ਤੇ ਕੰਮ ਕਰਨ ਵਾਲੇ ਉੜਾਪੜ ਵਾਸੀ ਗੁਰਚਰਨ ਸਿੰਘ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ। ਉੜਾਪੜ ਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਨੇ ਕਸਬਾ ਔੜ ਵਿਖੇ ਲਾਟਰੀ ਵਿਕਰੇਤਾ ਰੋਸ਼ਨ ਲਾਲ ਜੋ ਕਿ ਬੇਗੋਵਾਲ ਦਾ ਵਸਨੀਕ ਹੈ ਦੇ ਰੂਹਾਨੀ ਲਾਟਰੀ ਸਟਾਲ ਤੋਂ 200 ਰੁਪਏ ਦੀ ਟਿਕਟ ਖਰੀਦੀ ਜਿਸ ਦਾ ਇਨਾਮ ਡੇਢ ਕਰੋੜ ਰੁਪਏ ਰੱਖਿਆ ਗਿਆ ਹੈ। ਜਦੋਂ ਇਹ ਇਨਾਮੀ ਰਾਸ਼ੀ ਗੁਰਚਰਨ ਸਿੰਘ ਨੂੰ ਨਿਕਲੀ ਤਾਂ ਉਸ ਦੀ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ। ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਕਰੀਬ ਲਾਟਰੀ ਪਾਉਂਦਿਆਂ 40 ਸਾਲ ਹੋ ਗਏ ਅਤੇ ਹੁਣ ਜਦੋਂ ਉਸਨੇ ਆਪਣੇ ਪੁੱਤਰ ਦੇ ਨਾਮ ਤੇ ਉਕਤ ਲਾਟਰੀ ਵਿਕਰੇਤਾ ਤੋਂ ਲਾਟਰੀ ਦੀ ਟਿਕਟ ਲਈ ਜਿਸ ਦਾ ਕਿ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ ਤਾਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਅਤੇ ਉਸਨੇ ਪਰਮਾਤਮਾ ਅਤੇ ਪੰਜਾਬ ਸਰਕਾਰ ਦਾ ਸ਼ੁਕਰਾਨਾ ਕੀਤਾ। ਗੁਰਚਰਨ ਸਿੰਘ ਦੇ ਪੁੱਤਰ ਮਾਨ ਸਿੰਘ ਨੇ ਇਸ ਤੇ ਖੁਸ਼ੀ ਪ੍ਰਗਟਾਉਂਦਿਆਂ ਆਪਣੇ ਪਿਤਾ ਨੂੰ ਗਲਵੱਕੜੀ ਵਿੱਚ ਲਿਆ ਅਤੇ ਕਿਹਾ ਕਿ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹਨ, ਪਰ ਹੁਣ ਪਰਮਾਤਮਾ ਨੇ ਉਨ੍ਹਾਂ ਦੀ ਇਸ ਬਹਾਨੇ ਮਦਦ ਕੀਤੀ ਹੈ। ਇਸ ਮੌਕੇ ਗੁਰਚਰਨ ਸਿੰਘ ਦੇ ਸਾਥੀ ਮਿੱਤਰਾਂ ਨੇ ਵੀ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਲਾਟਰੀ ਦਾ ਇਨਾਮ ਨਿਕਲਣ ਤੇ ਵਧਾਈ ਦਿੱਤੀ। ਲਾਟਰੀ ਇਨਾਮ ਜੇਤੂ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਇਨਾਮੀ ਰਾਸ਼ੀ ਦੇ ਨਾਲ ਆਪਣੇ ਬੱਚਿਆਂ ਨੂੰ ਵਧੀਆ ਵਿਦਿਆ ਤੋਂ ਇਲਾਵਾ ਇੱਕ ਚੰਗਾ ਮਕਾਨ ਤਿਆਰ ਕਰਕੇ ਦੇਣਗੇ ਅਤੇ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਤੇ ਇਸ ਰਕਮ ਨੂੰ ਖਰਚ ਕਰਨਗੇ। ਇਸ ਮੌਕੇ ਇਨਾਮ ਜੇਤੂ ਗੁਰਚਰਨ ਸਿੰਘ ਦੀ ਪਤਨੀ ਬਲਵੀਰ ਕੌਰ, ਪੁੱਤਰ ਮਾਨ ਸਿੰਘ, ਪੁੱਤਰੀ ਜਸਵਿੰਦਰ ਕੌਰ ਅਤੇ ਰਾਜਵਿੰਦਰ ਕੌਰ, ਨੂੰਹ ਅਮਰਜੀਤ ਅਤੇ ਉਨ੍ਹਾਂ ਦੀ ਲਾਡਲੀ ਪੋਤਰੀ ਨਵਨੀਤ ਕੌਰ ਨੇ ਬਹੁਤ ਖੁਸ਼ੀ ਜਾਹਿਰ ਕੀਤੀ। ਇਨਾਮ ਨਿਕਲਣ ਤੋਂ ਬਾਅਦ ਗੁਰਚਰਨ ਸਿੰਘ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

Leave a Reply

Your email address will not be published. Required fields are marked *

error: Content is protected !!