ਨਵਾਂਸ਼ਹਿਰ 09 ਅਪ੍ਰੈਲ (ਬਿਊਰੋ ਚੀਫ) ਸਿੱਖਿਆ ਵਿਭਾਗ ਬੱਚਿਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਨੂੰ ਲੈ ਕੇ ਹਮੇਸ਼ਾਂ ਚਰਚਾ ਵਿੱਚ ਰਿਹਾ ਹੈ। ਮਹਿਕਮੇ ਵਲੋਂ ਆਹਲਾ ਆਈ ਏ ਐਸ ਅਫਸਰਾਂ ਦੀ ਰਹਿਨੁਮਾਈ ਹੇਠ ਅਧਿਆਪਕਾਂ ਦੀ ਹਾਜ਼ਰੀ ਤੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਸਮੇਂ ਸਮੇਂ ਤੇ ਤਜਰਬੇ ਕੀਤੇ ਜਾਂਦੇ ਰਹੇ ਹਨ। ਇਸੇ ਤਹਿਤ ਮੌਜੂਦਾ ਸਮੇਂ ਨਵੀਂ ਖੋਜ ਅਨੁਸਾਰ ਹੁਣ ਬੱਚਿਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਈ ਪੰਜਾਬ ਪੋਰਟਲ ਤੇ ਲਗਾਉਣ ਦੇ ਤੁਗਲਕੀ ਫੁਰਮਾਨ ਜਾਰੀ ਕੀਤੇ ਗਏ ਹਨ। ਬੱਚਿਆਂ ਦੇ ਮਾਪਿਆਂ ਨੂੰ ਐਮ ਸਟਾਰ ਸਿਸਟਮ ਅਧੀਨ ਭੇਜੇ ਗਏ ਐਸ ਐਮ ਐਸ ਰਾਹੀਂ ਉਨ੍ਹਾਂ ਦੇ ਬੱਚੇ ਦੇ ਗੈਰਹਾਜ਼ਰ ਹੋਣ ਦਾ ਸੁਨੇਹਾ ਮਿਲੇਗਾ।ਨਜ਼ਦੀਕੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਦੱਬਵੀਂ ਅਵਾਜ਼ ਵਿਚ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਵਿਭਾਗ ਵੱਲੋਂ ਬੱਚਿਆਂ ਤੇ ਅਧਿਆਪਕਾਂ ਲਈ ਹਾਜ਼ਰੀ ਲਾਉਂਣ ਲਈ ਸ਼ੁਰੂ ਕੀਤੀ ਐਮ ਸਟਾਰ ਐਪ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਹੈ। ਭਾਵੇਂ ਕਿ ਮੌਜੂਦਾ ਸਮੇਂ ਅਧਿਆਪਕ ਆਪਣੀ ਹਾਜ਼ਰੀ ਆਨਲਾਈਨ ਦੇ ਨਾਲ ਨਾਲ ਸਕੂਲ ਦੇ ਹਾਜ਼ਰੀ ਰਜਿਸਟਰ ਵਿਚ ਮੈਨੂਅਲ ਵੀ ਲਗਾ ਰਹੇ ਹਨ। ਪ੍ਰੰਤੂ ਵਿਭਾਗ ਦੇ ਆਨਲਾਈਨ ਹਾਜ਼ਰੀ ਦੇ ਹੁਕਮ ਨੂੰ ਲੈ ਕੇ ਕਈ ਸਕੂਲਾਂ ਦੇ ਅਧਿਆਪਕਾਂ ਵਿਚ ਬੁਖਲਾਹਟ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਕਈ ਮਿਹਨਤੀ ਅਧਿਆਪਕ ਇਸ ਐਮ ਸਟਾਰ ਵਾਲੀ ਹਾਜ਼ਰੀ ਨੂੰ ਚੰਗਾ ਵੀ ਕਹਿ ਰਹੇ ਹਨ ਕਿਉਂਕਿ ਇਸ ਨਾਲ ਲੇਟ ਲਤੀਫੀ ਨਾਲ ਆਉਣ ਵਾਲੇ ਅਧਿਆਪਕਾਂ ਅਤੇ ਦਫਤਰਾਂ ਚੋਂ ਫਰਲੋ ਮਾਰਨ ਵਾਲੇ ਅਧਿਆਪਕਾਂ ਨੂੰ ਨੱਥ ਵੀ ਪਾਈ ਜਾਵੇਗੀ। ਇੱਥੇ ਇਹ ਵੀ ਦੇਖਣ ਚ ਆਇਆ ਹੈ ਕਿ ਕੁਝ ਕੁ ਅਧਿਆਪਕਾਂ ਵੱਲੋਂ ਖੁਦ ਨੂੰ ਕਿਸੇ ਦੂਜੀ ਲੋਕੇਸ਼ਨ ਭਾਵ ਘਰ ਤੋਂ ਬੈਠ ਕੇ ਹੀ ਆਪਣੇ ਆਪ ਨੂੰ ਹਾਜ਼ਰ ਸ਼ੋਅ ਕੀਤਾ ਜਾ ਰਿਹਾ ਹੈ ਜੋ ਕਿ ਸਿੱਖਿਆ ਵਿਭਾਗ ਦੀ ਆਨਲਾਈਨ ਹਾਜ਼ਰੀ ਦੇ ਪ੍ਰਬੰਧਾਂ ਦੀ ਪੋਲ ਖੋਲ ਰਿਹਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਿੱਖਿਆ ਵਿਭਾਗ ਕੇਵਲ ਆਪਣੇ ਕਰਮਚਾਰੀਆਂ ਨੂੰ ਡਰਾ ਹੀ ਰਿਹਾ ਹੈ ਜਾਂ ਕੇ ਸੱਚਮੁੱਚ ਹੀ ਸਹੀ ਇਰਾਦੇ ਨਾਲ ਸੁਧਾਰ ਕਰਨ ਵੱਲ ਵਧ ਰਿਹਾ। ਇਸ ਤੋਂ ਇਲਾਵਾ ਵੱਖਰੇ ਵੱਖਰੇ ਪ੍ਰਤੀਕਰਮ ਅਨੁਸਾਰ ਕਈ ਨੀਵੇਂ ਇਲਾਕਿਆਂ ਵਿੱਚ ਨੈਟ ਦੀ ਸੇਵਾ ਹੌਲੀ ਹੋਣ ਕਾਰਨ ਵੀ ਹਾਜ਼ਰੀ ਲਾਉਂਣ ਵਿਚ ਮੁਸ਼ਕਿਲ ਆ ਰਹੀ ਹੈ।ਕਈ ਸਕੂਲਾਂ ਵਲੋਂ ਲਗਾਈ ਗਈ ਆਨਲਾਈਨ ਹਾਜ਼ਰੀ ਆਪਣੇ ਆਪ ਆਫਲਾਈਨ ਹੋਣ ਦਾ ਸਮਾਚਾਰ ਪ੍ਰਾਪਤ ਵੀ ਹੋਇਆ ਹੈ।ਇੱਕ ਹਾਈ ਸਕੂਲ ਦੇ ਮੁਖੀ ਨੇ ਦੱਸਿਆ ਕਿ ਐਮ ਸਟਾਰ ਸਿਸਟਮ ਦੀ ਹਾਜ਼ਰੀ ਸਰਕਾਰ ਵੱਲੋਂ ਕੀਤਾ ਵਧੀਆ ਉਪਰਾਲਾ ਹੈ।ਇਸ ਨਾਲ ਸਕੂਲ ਵਿੱਚ ਦੇਰੀ ਨਾਲ ਆਉਣ ਵਾਲੇ ਅਧਿਆਪਕ ਜਾਂ ਕਰਮਚਾਰੀ ਆਪਣੀ ਆਧਤ ਨੂੰ ਸੁਧਾਰ ਸਕਣਗੇ।
