ਦੌਲਤਪੁਰ ਸਕੂਲ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ – ਨਸ਼ਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹੌਲੀ-ਹੌਲੀ ਜ਼ਹਿਰ ਬਣ ਜਾਦਾ ਹੈ – ਡਾਇਰੈਕਟਰ ਚਮਨ ਸਿੰਘ

ਨਸ਼ਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹੌਲੀ-ਹੌਲੀ ਜਹਿਰ ਬਣ ਜਾਦਾ ਹੈ :- ਸ. ਚਮਨ ਸਿੰਘ

ਨਵਾਂਸ਼ਹਿਰ 17 ਅਪ੍ਰੈਲ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ‌ ਨਵਾਂਸਹਿਰ ਵੱਲੋਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਦੌਲਤਪੁਰ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਕੈਂਪ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਸੁਨੀਤਾ ਰਾਣੀ ਪ੍ਰਿੰਸੀਪਲ ਅਤੇ ਹਰਮਨਦੀਪ ਸਿੰਘ ਸਰਪੰਚ ਨੇ ਕੀਤੀ।ਇਸ ਮੌਕੇ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਰੈੱਡ ਕਰਾਸ ਸੰਸਥਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਰੈੱਡ ਕਰਾਸ ਅਜਿਹੀ ਸੰਸਥਾ ਹੈ, ਜੋ ਮਨੁੱਖੀ ਜੀਵਨ ਨੂੰ ਬਚਾਉਣ ਲਈ ਸਮਾਜਿਕ ਭਲਾਈ ਦਾ ਕੰਮ ਕਰਦੀ ਹੈ। ਉਨਾਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨਸ਼ੇ ਦੇ ਨਾਲ ਪੀੜਤ ਲੋਕਾਂ ਦਾ ਇਲਾਜ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰਾਂ ਅਤੇ ਸਰਕਾਰੀ ਹਸਪਤਾਲਾਂ /ਕੇਂਦਰਾਂ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਉਨਾਂ ਨੂੰ ਸਹੀ ਰਸਤਾ ਦਿਖਾਇਆ ਜਾਂਦਾ ਹੈ ਕਿ ਆਉਣ ਵਾਲੇ ਭਵਿੱਖ ਵਿੱਚ ਬੁਰੀਆਂ ਆਦਤਾਂ ਵਿੱਚ ਨਾ ਪੈਣ। ਇਸ ਮੌਕੇ ਤੇ ਉਨਾਂ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਨਸ਼ਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਪੂਰਾ ਜੋਰ ਲਗਾਇਆ ਹੋਇਆ ਹੈ। ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਯੁੱਧ ਨਸ਼ਿਆ ਵਿਰੁੱਧ ਸਕੀਮ ਨਾਲ ਵੀ ਵਧੀਆਂ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਛੋਟੇ ਬੱਚੇ ਸਕੂਲ ਵਿੱਚ ਪੜਦੇ ਹੀ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ। ਕਈ ਵਾਰ ਬੱਚੇ ਜਾਣੇ ਅਣਜਾਣੇ ਵਿੱਚ ਆ ਕੇ ਵੱਡਿਆ ਨੌਜਵਾਨਾਂ ਦੀਆਂ ਗੱਲਾਂ ਵਿੱਚ ਆ ਕੇ ਨਸ਼ੇ ਦੀ ਸ਼ੁਰੂਆਤ ਕਰਨੀ ਸ਼ੁਰੂ ਕਰ ਦਿੰਦੇ ਹਨ। ਹੌਲੀ ਹੌਲੀ ਬੱਚੇ ਬੀੜੀ,ਸਿਗਰਟ,ਤੰਬਾਕੂ,ਸ਼ਰਾਬ ਆਦਿ ਛੋਟੇ ਨਸ਼ਿਆ ਤੋਂ ਲੈ ਕੇ ਵੱਡੇ ਨਸ਼ੇ “ਹੇਰੋਇਨ”ਦੀ ਦਲਦਲ ਵਿੱਚ ਫਸ ਜਾਂਦੇ ਹਨ। ਉਨਾਂ ਨੇ ਦੱਸਿਆ ਕਿ ਨਸ਼ਿਆਂ ਦੀ ਵਰਤੋਂ ਕਰਨ ਨਾਲ ਨੌਜਵਾਨਾਂ ਨੂੰ ਕਾਲਾ ਪੀਲੀਆ, ਐਚ. ਆਈ. ਵੀ ਵਰਗੇ ਵਾਇਰਸ ਨੇ ਪਰਭਾਵਿਤ ਕੀਤਾ ਹੈ। ਉਨਾਂ ਨੇ ਦੱਸਿਆ ਕਿ ਕਿਵੇਂ ਵੱਡੀ ਗਿਣਤੀ ਵਿੱਚ ਸਕੂਲ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ। ਨਸ਼ਾ ਮੁਕਤ ਭਾਰਤ ਅਭਿਆਨ ਦੁਆਰਾ ਕੀਤੇ ਗਏ ਸਰਵੇ ਦੇ ਅੰਕੜਿਆ ਦੱਸਦੇ ਹੋਏ ਦੱਸਿਆ ਕਿ ਪੰਜਾਬ ਦੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ (ਲੜਕੇ- ਲੜਕੀਆਂ) ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ। ਉਨਾਂ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਚੀਜ ਹੈ, ਜੋ ਹੌਲੀ-ਹੌਲੀ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਜ਼ਹਿਰ ਬਣ ਜਾਂਦਾ ਹੈ। ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਕੂਲ ਵਿੱਚ ਪੜਦੇ ਬੱਚਿਆਂ ਤੇ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕਿਉਕਿ ਇਸ ਉਮਰ ਵਿੱਚ ਹੀ ਬੱਚੇ ਮਾੜੀ ਸੰਗਤ ਵਿੱਚ ਫਸ ਜਾਂਦੇ ਹਨ। ਉਨਾਂ ਨੇ ਦੱਸਿਆ ਕਿ ਸਾਨੂੰ ਬੱਚਿਆਂ ਦੇ ਸਕੂਲ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂਕਿ ਉਨ੍ਹਾਂ ਦੀ ਪੜਾਈ ਬਾਰੇ ਜਾਣਕਾਰੀ ਮਿਲ ਸਕੇ। ਸਾਨੂੰ ਬੱਚਿਆਂ ਨੂੰ ਆਪਣੇ ਗੁਰੂਆਂ, ਸ਼ਹੀਦੀ ਯੋਧਿਆਂ ਦੇ ਜੀਵਨ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂਆਂ , ਸ਼ਹੀਦੀ ਯੋਧਿਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ। ਇਸ ਮੌਕੇ ਤੇ ਉਨਾਂ ਨੇ ਦੌਲਤਪੁਰ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਬੱਬਰ ਅਕਾਲੀ ਕਰਮ ਸਿੰਘ ਦੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਤੇ ਅਜਾਦੀ ਵਿੱਚ ਹਿੱਸਾ ਪਾਉਣ ਵਾਲੇ ਯੋਧਿਆਂ ਦੇ ਜੀਵਨ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।ਅੰਤ ਵਿੱਚ ਉਨਾਂ ਨੇ ਦੱਸਿਆ ਕਿ ਸਾਨੂੰ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਆਪਣੇ ਇਤਿਹਾਸ ਨਾਲ ਜੋੜਨਾ ਪਵੇਗਾ ਤੇ ਗੁਰੂਆਂ ਦੁਆਰਾ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਪਾਲਣ ਕਰਦੇ ਹੋਏ ਉਨਾਂ ਦੀਆਂ ਸਿਖਿਆਵਾਂ ਨਾਲ ਜੋੜਨਾ ਪਵੇਗਾ।ਇਸ ਮੌਕੇ ਤੇ ਕਮਲਜੀਤ ਕੌਰ, ਕੌਂਸਲਰ ਨੇ ਕੇਂਦਰ ਦੇ ਕੰਮਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ । ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਂਦਾ ਹੈ। ਨਿਰਮਲ ਸਿੰਘ (ਲੈਕਚਰਾਰ) ਨੇ ਨਸ਼ੇ ਤੋਂ ਦੂਰ ਰਹਿਣ ਲਈ ਆਪਣੇ ਵਿਚਾਰ ਦਿੱਤੇ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰੈੱਡ ਕਰਾਸ ਇੱਕ ਅਜਿਹੀ ਸੰਸਥਾ ਹੈ ਜੋ ਮਨੁੱਖੀ ਸੇਵਾ ਲਈ ਕੰਮ ਕਰ ਰਹੀ ਹੈ , ਪੰਜਾਬ ਸਰਕਾਰ ਵਲੋ ਅਤੇ ਸੰਸਥਾਵਾਂ ਵਲੋਂ ਵਧੀਆ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਸਕੀਏ ਤਾਂ ਜੋ ਪੰਜਾਬ ਅਤੇ ਸਮਾਜ ਦਾ ਵਿਕਾਸ ਹੋ ਸਕੇ । ਇਸ ਮੌਕੇ ਤੇ ਸਮੂਹ ਇਕੱਤਰਤਾ ਨੇ ਨਸ਼ਾ ਮੁਕਤ ਮੁਹਿੰਮ ਪ੍ਰਤੀ ਪ੍ਰਣ ਲਿਆ। ਇਸ ਮੌਕੇ ਤੇ ਵਰਿੰਦਰ ਸਿੰਘ ਪੰਚ,ਸਕੂਲ ਸਟਾਫ ਮੈਂਬਰ ਰਣਜੀਤ ਸਿੰਘ, ਜਸਵਿੰਦਰ ਕੌਰ, ਬਲਜਿੰਦਰ ਕੌਰ, ਗੁਰਵਿੰਦਰ ਸਿੰਘ, ਪ੍ਰੀਆ, ਰਜਿੰਦਰ ਕੌਰ, ਸੁਖਪ੍ਰੀਤ ਕੌਰ, ਰੋਹਿਤ ਗੌਤਮ, ਮੀਨੂੰ ਗੋਇਲ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!