ਲੰਗੜੋਆ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਨਵਾਂਸ਼ਹਿਰ 22 ਅਪ੍ਰੈਲ (ਹਰਿੰਦਰ ਸਿੰਘ) ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਅੱਜ ਵਿਸ਼ਵ ਧਰਤੀ ਦਿਵਸ ਮੌਕੇ ਵਾਤਾਵਰਨ ਸੰਭਾਲ ਸੋਸਾਇਟੀ ਵੱਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਸੁਸਾਇਟੀ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਦਿਨੋਂ ਦਿਨ ਵਧ ਰਹੀ ਧਰਤੀ ਦੀ ਤਪਸ਼ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਵਧ ਤੋਂ ਵਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ। ਸੁਸਾਇਟੀ ਮੈਂਬਰ ਤਰਸੇਮ ਲਾਲ ਨੇ ਵਿਸ਼ਵ ਧਰਤੀ ਦਿਵਸ ਦੇ ਮੁੱਖ ਪਹਿਲੂ ਉਦੇਸ਼ ਧਰਤੀ ਦੀ ਸੰਭਾਲ, ਜਲਵਾਯੂ ਤਬਦੀਲੀ, ਪ੍ਰਦੂਸ਼ਣ ਨੂੰ ਘਟਾਉਣਾ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਦੱਸਿਆ ਤੇ ਕਿਹਾ ਕਿ ਇਸ ਦੀ ਸ਼ੁਰੂਆਤ 22 ਅਪ੍ਰੈਲ 1970 ਨੂੰ ਅਮਰੀਕਾ ਵਿੱਚ ਹੋਈ ਸੀ, ਜਿਸ ਤੋਂ ਬਾਅਦ ਇਹ ਇੱਕ ਵਿਸ਼ਵਵਿਆਪੀ ਅੰਦੋਲਨ ਬਣ ਗਿਆ। ਮੈਂਬਰ ਕੁਲਦੀਪ ਕੁਮਾਰ ਨੇ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਤੀ ਸਾਡਾ ਇਕਲੌਤਾ ਘਰ ਹੈ, ਜਿਸ ਦੀ ਰੱਖਿਆ ਕਰਨਾ ਮਨੁੱਖੀ ਫਰਜ਼ ਹੈ।ਇਸ ਮੌਕੇ ਸਕੂਲਾਂ, ਕਾਲਜਾਂ ਅਤੇ ਵੱਖ – ਵੱਖ ਸੰਸਥਾਵਾਂ ਵਿੱਚ ਰੁੱਖ ਲਗਾਉਣ, ਸਫਾਈ ਮੁਹਿੰਮ ਅਤੇ ਜਾਗਰੂਕਤਾ ਰੈਲੀਆਂ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਰੇਸ਼ਮ ਸਿੰਘ , ਧਰਮਪਾਲ ਬਾਲੀ ਅਤੇ ਬਲਜੀਤ ਚੋਪੜਾ ਨੇ ਆਪਣੇ ਸੰਦੇਸ਼ ਵਿੱਚ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਸਿਧਾਂਤ ‘ਤੇ ਚੱਲਦਿਆਂ ਕੁਦਰਤ ਨਾਲ ਜੁੜਨ ਅਤੇ ਇਸ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ, ਪ੍ਰਿੰਸੀਪਲ ਡਾਕਟਰ ਅਗਨੀਹੋਤਰੀ ਨੇ ਬੱਚਿਆਂ ਨੂੰ ਸੁਸਾਇਟੀ ਮੈਂਬਰਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਅਮਲ ਵਿਚ ਲਿਆਉਣ ਦੀ ਗੱਲ ਕਹੀ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

