ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਮਜ਼ਦੂਰ ਦਿਵਸ ਤੇ ਬੂਟੇ ਲਗਾ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨਵਾਂਸ਼ਹਿਰ 01 ਮਈ (ਹਰਿੰਦਰ ਸਿੰਘ) ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਰਾਧਾ ਕ੍ਰਿਸ਼ਨ ਆਰੀਆ ਕਾਲਜ ਦੇ ਖੇਡ ਸਟੇਡੀਅਮ ਵਿਖੇ ਕ੍ਰਿਕਟ ਖਿਡਾਰੀਆਂ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਮਜ਼ਦੂਰ ਦਿਵਸ ਵਜੋਂ ਮਨਾਏ ਜਾਂਦੇ ਪਹਿਲੀ ਮਈ ਦੇ ਦਿਹਾੜੇ ਦਾ ਲਹੂ-ਭਿੱਜਾ ਇਤਿਹਾਸ ਹੈ।ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਘਾਹ ਮੰਡੀ (Hay Market) ਵਿੱਚ ਆਪਣੇ ਕੰਮ-ਦਿਹਾੜੀ ਦੇ ਸਮੇਂ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਰੋਸ ਵਜੋਂ ਰੈਲੀ ਕਰ ਰਹੇ ਮਜ਼ਦੂਰਾਂ ਉਪਰ ਸਮੇਂ ਦੀ ਸਰਕਾਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ, ਮਜ਼ਦੂਰ ਏਕਤਾ ਨੂੰ ਖਦੇੜਨ ਦੀ ਹਿਮਾਕਤ ਕੀਤੀ ਸੀ। ਇਸ ਉਪਰੰਤ ਮਜ਼ਦੂਰ ਆਗੂਆਂ ਉੱਪਰ ਝੂਠੇ ਕੇਸ ਬਣਾ ਕੇ ਫਾਂਸੀ ਦੇਣ ਦਾ ਅੰਨ੍ਹਾ ਜ਼ੁਲਮ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਪੈਰਿਸ ਵਿਚ 1889 ਵਿਚ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ ਐਲਾਨ ਕੀਤਾ ਗਿਆ ਕਿ ਹੇ ਮਾਰਕੀਟ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ ਅਤੇ ਇਸ ਦਿਨ ਸਾਰੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਰਹੇਗੀ। ਉਸ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਕਰੀਬ 80 ਦੇਸ਼ਾਂ ਵਿਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਰੂਪ ਵਿਚ ਮਨਾਇਆ ਜਾਣ ਲੱਗਿਆ। ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰ ਅਸ਼ੋਕ ਸ਼ਰਮਾਂ ਅਤੇ ਸੁਰਿੰਦਰ ਪਾਲ ਵੱਲੋਂ ਰਾਧਾ ਕ੍ਰਿਸ਼ਨ ਆਰੀਆ ਕਾਲਜ ਦੇ ਖੇਡ ਮੈਦਾਨ ਵਿੱਚ ਖਿਡਾਰੀਆਂ ਦੇ ਸਹਿਯੋਗ ਨਾਲ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ ਗਏ। ਖਿਡਾਰੀਆਂ ਵਲੋਂ ਸੁਸਾਇਟੀ ਦੇ ਨੇਕ ਕੰਮਾਂ ਦੀ ਸ਼ਲਾਘਾ ਕਰਦਿਆਂ ਬੂਟਿਆਂ ਨੂੰ ਪਾਣੀ ਦੇਣ ਅਤੇ ਸਾਂਭ-ਸੰਭਾਲ ਕਰਨ ਦੀ ਜਿੰਮੇਵਾਰੀ ਲਈ ਗਈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਰੇਸ਼ਮ ਸਿੰਘ, ਅਰੁਣ ਕੁਮਾਰ ਬਾਲੀ, ਮੱਖਣ ਸਿੰਘ ਬਿੱਲੂ, ਧਰਮਪਾਲ ਬਾਲੀ, ਅਸ਼ੋਕ ਸ਼ਰਮਾਂ, ਸੁਰਿੰਦਰ ਪਾਲ,ਸੁਖਵਿੰਦਰ ਸਿੰਘ ਤੁੱੜ, ਧਰਮਿੰਦਰ ਸਿੰਘ, ਬਲਜੀਤ ਚੋਪੜਾ ਅਤੇ ਕ੍ਰਿਕਟ ਖਿਡਾਰੀ ਯੁਵਰਾਜ ਪ੍ਰਭਾਕਰ,ਕਾਤ੍ਰਿਕ ਡਮਾਣਾ,ਦਿਵਆਂਸ਼,ਕੰਨਵ ਪ੍ਰਭਾਕਰ,ਲਕਸ਼ ਸ਼ਰਮਾਂ ,ਪ੍ਰੀਤ ਜਾਂਗੜਾ,ਹਰਸ਼ਵੀਰ ਅਤੇ ਕ੍ਰਿਸ਼ਵ ਆਦਿ ਹਾਜ਼ਰ ਸਨ।

