ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਮਾਨਵਤਾ ਦੀ ਸੇਵਾ ਦੇ 10 ਸਾਲ ਕੀਤੇ ਪੂਰੇ/ਪ੍ਰਸ਼ਾਸਨ ਅਤੇ ਰਾਜਪਾਲ ਵੱਲੋਂ ਮਿਲ ਚੁੱਕਾ ਹੈ ਸਨਮਾਨ/ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਗਤੀ ਰੂਪ ਵਿੱਚ ਕੀਰਤਨ ਸਮਾਗਮ ਕਰਵਾਇਆ
ਨਵਾਂਸ਼ਹਿਰ :07 ਮਈ (ਹਰਿੰਦਰ ਸਿੰਘ) ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਓਟ ਆਸਰਾ ਲੈ ਕੇ ਆਰੰਭ ਕੀਤੀ ਗਈ ‘ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ’ ਨੇ ਅੱਜ ਮਾਨਵਤਾ ਦੀ ਸੇਵਾ ਦੇ 10 ਸਾਲ ਸਫਲਤਾਪੂਰਵਕ ਪੂਰੇ ਕਰ ਲਏ ਹਨ। ਇਸ ਮੌਕੇ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਚੌਂਕ, ਨਵਾਂਸ਼ਹਿਰ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਗਤੀ ਰੂਪ ਵਿੱਚ ਕੀਰਤਨ ਸਮਾਗਮ ਕਰਵਾਏ ਗਏ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ 10 ਸਾਲ ਪਹਿਲਾਂ ਇੱਕ ਨਿਮਾਣੇ ਜਿਹੇ ਯਤਨ ਵਜੋਂ ਸ਼ੁਰੂ ਕੀਤੀ ਗਈ ਇਹ ਸੇਵਾ ਅੱਜ ਇੱਕ ਵਿਸ਼ਾਲ ਲਹਿਰ ਬਣ ਚੁੱਕੀ ਹੈ। ਪ੍ਰਧਾਨ ਥਾਂਦੀ ਨੇ ਦੱਸਿਆ ਕਿ ਸੁਸਾਇਟੀ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਸਸਤੀਆਂ ਦਵਾਈਆਂ ਦੀ ਡਿਸਪੈਂਸਰੀ ਤੋਂ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਮਹਿੰਗੇ ਟੈਸਟਾਂ ਤੋਂ ਨਿਜਾਤ ਦਿਵਾਉਣ ਲਈ ਚੈਰੀਟੇਬਲ ਲੈਬਾਰਟਰੀ ਸਥਾਪਿਤ ਕੀਤੀ ਗਈ। ਉਨ੍ਹਾਂ ਕਿਹਾ, “ਸਾਡਾ ਮੁੱਖ ਮਕਸਦ ਲੋੜਵੰਦਾਂ ਦੀ ਸਾਰ ਲੈਣਾ ਸੀ। ਕਰੋਨਾ ਕਾਲ ਵਰਗੇ ਭਿਆਨਕ ਸਮੇਂ ਵਿੱਚ ਵੀ ਸੇਵਾਦਾਰਾਂ ਨੇ ਦਿਨ-ਰਾਤ ਇੱਕ ਕਰਕੇ ਲੋਕਾਂ ਦੀ ਮਦਦ ਕੀਤੀ, ਜਿਸ ਦੀ ਸ਼ਲਾਘਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਪੰਜਾਬ ਦੇ ਮਾਨਯੋਗ ਰਾਜਪਾਲ ਤੱਕ ਕਰ ਚੁੱਕੇ ਹਨ।” ਉਨ੍ਹਾਂ ਅੱਗੇ ਦੱਸਿਆ ਕਿ ਸੁਸਾਇਟੀ ਵੱਲੋਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਸਫਾਈ ਅਭਿਆਨ ਅਤੇ ਵਾਤਾਵਰਣ ਸੰਭਾਲ ਲਈ ਬੂਟੇ ਲਗਾਉਣ ਦੀ ਸੇਵਾ ਨਿਰੰਤਰ ਜਾਰੀ ਹੈ। ਉਨ੍ਹਾਂ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਸੁਸਾਇਟੀ ਮੈਡੀਕਲ ਸੇਵਾਵਾਂ ਵਿੱਚ ਮੋਹਰੀ ਹੈ, ਉੱਥੇ ਹੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਦੇ ਖੱਡੇ ਭਰਨ ਦੀ ਸੇਵਾ ਵੀ ਲਗਾਤਾਰ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸ਼ਹਿਰ ਦੀ ਸੁੰਦਰਤਾ ਅਤੇ ਵਾਤਾਵਰਣ ਦੀ ਸੰਭਾਲ ਲਈ ਡਿਵਾਈਡਰਾਂ ‘ਤੇ ਬੂਟੇ ਲਗਾਏ ਗਏ ਹਨ, ਜਿਨ੍ਹਾਂ ਦੀ ਪੂਰੀ ਦੇਖਭਾਲ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਖੁਦ ਕੀਤੀ ਜਾਂਦੀ ਹੈ।ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਖਾਲਸਾ ਨੇ ਸੁਸਾਇਟੀ ਦੇ 10 ਸਾਲਾਂ ਦੋਰਾਨ ਜੁੜੀਆਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਸੁਸਾਇਟੀ ਦੀ ਪ੍ਰੇਰਨਾ ਸਦਕਾ ਇਲਾਕੇ ਦੇ ਅਨੇਕਾਂ ਨੌਜਵਾਨ ਨਸ਼ਿਆਂ ਵਰਗੀਆਂ ਕੁਰੀਤੀਆਂ ਤਿਆਗ ਕੇ ਗੁਰੂ ਵਾਲੇ ਬਣੇ ਹਨ ਅਤੇ ਅੱਜ ਅੰਮ੍ਰਿਤਧਾਰੀ ਹੋ ਕੇ ਮਾਨਵਤਾ ਦੀ ਸੇਵਾ ਵਿੱਚ ਜੁਟੇ ਹੋਏ ਹਨ। ਖਾਲਸਾ ਜੀ ਨੇ ਦੇਸ਼-ਵਿਦੇਸ਼ ਤੋਂ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਿਆਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਆਉਣ ਵਾਲੇ ਸਮੇਂ ਵਿੱਚ ਵੀ ਸੇਵਾਦਾਰਾਂ ਨੂੰ ਮਾਨਵਤਾ ਦੀ ਸੇਵਾ ਅਤੇ ਸਿੱਖੀ ਦੇ ਪ੍ਰਚਾਰ ਲਈ, ਸੇਵਾਵਾਂ ਇਸੇ ਤਰ੍ਹਾਂ ਜਾਰੀ ਰੱਖਣ ਦਾ ਬਲ ਬਖਸ਼ਣ। ਇਸ ਮੌਕੇ ਚਾਅ-ਪਕੋੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਵੇਲੀ, ਮੰਗਲ ਸਿੰਘ ਬੈਂਸ, ਕਰਮਜੀਤ ਸਿੰਘ ਸੋਢੀ. ਮਨਜੀਤ ਸਿੰਘ, ਰਾਹੁਲ ਸਿੰਘ, ਅਵਤਾਰ ਕੌਰ-ਗੁਰੂ ਕੀ ਰਸੋਈ, ਰਾਜਵਿੰਦਰ ਕੌਰ ਥਾਂਦੀ, ਸੁਰਜੀਤ ਕੌਰ, ਅਜ਼ਾਦ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਹਰਵਿੰਦਰ ਸਿੰਘ, ਸੱਤਪਾਲ ਸਿੰਘ ਭਾਟੀਆ, ਅਮਨਦੀਪ ਸਿੰਘ, ਬਲਜੀਤ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ ਬੇਦੀ, ਜਸਵੰਤ ਸਿੰਘ ਭੱਟੀ, ਜਸਮੀਨ ਕੌਰ, ਸੁਰਿੰਦਰ ਕੌਰ, ਦੀਪਕ ਆਦਿ ਹਾਜਰ ਸਨ ।

