ਮਿੱਟੀ ਬਣਨ ਤੋਂ ਪਹਿਲਾਂ ਮਨੁੱਖਤਾ ਦੇ ਕੰਮ ਆਵੇ ਮ੍ਰਿਤਕ ਸਰੀਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ“ਮੌਤ ਅੰਤ ਨਹੀਂ, ਮਨੁੱਖਤਾ ਦੀ ਸੇਵਾ ਲਈ ਬਣ ਸਕਦੀ ਹੈ ਨਵੀਂ ਸ਼ੁਰੂਆਤ”- ਦੇਹਦਾਨੀ ਜਸਪਾਲ ਸਿੰਘ ਬਣੇ ਸਮਾਜ ਲਈ ਪ੍ਰੇਰਣਾ ਸਰੋਤ, ਸਿਵਲ ਸਰਜਨ ਨੇ ਸੌਂਪਿਆ ‘ਦੇਹ ਦਾਨ ਕਾਰਡ’- ਦੋਆਬਾ ਸੇਵਾ ਸਮਿੱਤੀ, ਨਵਾਂਸ਼ਹਿਰ ਨੇ ਪ੍ਰੇਰਿਤ ਕਰਕੇ ਤਿਆਰ ਕੀਤਾ 146ਵਾਂ ਦੇਹ ਦਾਨੀ
ਵਾਂਸ਼ਹਿਰ, 07 ਮਈ:(ਹਰਿੰਦਰ ਸਿੰਘ) ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀਰਵਾਰ ਨੂੰ ਮਨੁੱਖਤਾ, ਸਮਾਜ ਸੇਵਾ ਅਤੇ ਮੈਡੀਕਲ ਸਿੱਖਿਆ ਨੂੰ ਸਮਰਪਿਤ ਇਕ ਪ੍ਰੇਰਣਾਦਾਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਵੱਲੋਂ ਪਿੰਡ ਮਜਾਰਾ (ਬਲਾਚੌਰ) ਨਿਵਾਸੀ ਸਵੈ- ਇੱਛੁਕ ਦੇਹ ਦਾਨੀ ਜਸਪਾਲ ਸਿੰਘ ਨੂੰ ਮਰਨ ਉਪਰੰਤ ਦੇਹ ਦਾਨ ਕਰਨ ਸਬੰਧੀ ‘ਦੇਹ ਦਾਨ ਕਾਰਡ’ ਭੇਟ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਦੇਹ ਦਾਨ ਮਨੁੱਖਤਾ ਦੀ ਭਲਾਈ ਲਈ ਇਕ ਮਹਾਨ ਅਤੇ ਪੁੰਨ ਦਾ ਕਾਰਜ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਡਾਕਟਰੀ ਸਿੱਖਿਆ ਵਿੱਚ ਮ੍ਰਿਤਕ ਦੇਹਾਂ ਤੋਂ ਬਿਨਾਂ ਮਨੁੱਖੀ ਸਰੀਰ ਦੀ ਡੂੰਘੀ ਸਮਝ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹਾਂ ਦੇ ਵੱਖ-ਵੱਖ ਅੰਗ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕਦੇ ਹਨ ਅਤੇ ਮੈਡੀਕਲ ਖੋਜ ਲਈ ਵੀ ਇਹ ਬਹੁਮੁੱਲਾ ਯੋਗਦਾਨ ਸਾਬਤ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਐੱਮ.ਬੀ.ਬੀ.ਐੱਸ. ਅਤੇ ਹੋਰ ਡਾਕਟਰੀ ਕੋਰਸਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਦੀ ਬਣਤਰ ਅਤੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਸਮਝਣ ਲਈ ਮ੍ਰਿਤਕ ਦੇਹ ਦੀ ਬਹੁਤ ਜ਼ਰੂਰਤ ਹੁੰਦੀ ਹੈ। ਦੇਹ ਦੀ ਉਪਲੱਬਧਤਾ ਨਾਲ ਵਿਦਿਆਰਥੀ ਮਨੁੱਖੀ ਸਰੀਰ ਦੇ ਹਰ ਅੰਗ ਨੂੰ ਬਰੀਕੀ ਨਾਲ ਸਮਝ ਸਕਦੇ ਹਨ, ਜਿਸ ਨਾਲ ਉਹ ਭਵਿੱਖ ਵਿੱਚ ਹੋਰ ਨਿਪੁੰਨ ਅਤੇ ਕਾਬਿਲ ਡਾਕਟਰ ਬਣਦੇ ਹਨ।ਸਿਵਲ ਸਰਜਨ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਦੇਹਦਾਨ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਦੇਹਦਾਨ ਫਾਰਮ ਭਰਨਾ ਹੁੰਦਾ ਹੈ ਅਤੇ ਆਪਣੇ ਪਰਿਵਾਰ ਨੂੰ ਇਸ ਸਬੰਧੀ ਜਾਣੂ ਕਰਵਾਉਣਾ ਲਾਜ਼ਮੀ ਹੁੰਦਾ ਹੈ, ਤਾਂ ਜੋ ਮੌਤ ਮਗਰੋਂ ਉਸ ਦੀ ਇੱਛਾ ਅਨੁਸਾਰ ਦੇਹਦਾਨ ਕੀਤਾ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਅਤੇ ਮਨੁੱਖਤਾ ਭਰੇ ਕਾਰਜ ਨਾਲ ਜੁੜ ਕੇ ਮਰਨ ਉਪਰੰਤ ਵੀ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਲੈਣ।ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੋਆਬਾ ਸੇਵਾ ਸਮਿੱਤੀ, ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ, ਸੇਵਾਮੁਕਤ ਬੈਂਕ ਮੈਨੇਜਰ ਅਸ਼ੋਕ ਸ਼ਰਮਾ, ਸੇਵਾਮੁਕਤ ਸੁਪਰਡੈਂਟ ਅਸ਼ੋਕ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਇਸ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।ਦੋਆਬਾ ਸੇਵਾ ਸਮਿੱਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹੁਣ ਤੱਕ 146 ਲੋਕਾਂ ਨੂੰ ਮਰਨ ਉਪਰੰਤ ਦੇਹਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਸਵੈ-ਇੱਛੁੱਕ ਲੋਕਾਂ ਦੇ ਦੇਹਦਾਨ ਫਾਰਮ ਭਰੇ ਜਾਂਦੇ ਹਨ ਅਤੇ ਇਹ ਫਾਰਮ ਸਰਕਾਰੀ ਮੈਡੀਕਲ ਕਾਲਜ ਜਲੰਧਰ ਜਾਂ ਅੰਮ੍ਰਿਤਸਰ ਭੇਜੇ ਜਾਂਦੇ ਹਨ, ਜਿੱਥੋਂ ਦੇਹਦਾਨੀਆਂ ਦੇ ਪਛਾਣ-ਕਾਰਡ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਦੇਹਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ।ਦੇਹਦਾਨੀ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਸਰੋਜਾ ਬਾਲਾ ਅਤੇ ਧੀਆਂ ਸਮਨਪ੍ਰੀਤ ਕੌਰ ਤੇ ਕਿਰਨਦੀਪ ਕੌਰ ਦੀ ਸਹਿਮਤੀ ਨਾਲ ਦੇਹਦਾਨ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਮਨੁੱਖੀ ਸਰੀਰ ਮਿੱਟੀ ਵਿੱਚ ਮਿਲ ਜਾਣਾ ਹੁੰਦਾ ਹੈ, ਪਰ ਜੇਕਰ ਉਸ ਦੀ ਦੇਹ ਕਿਸੇ ਵਿਦਿਆਰਥੀ ਦੀ ਪੜ੍ਹਾਈ ਅਤੇ ਖੋਜ ਲਈ ਸਹਾਇਕ ਬਣ ਕੇ ਭਵਿੱਖ ਵਿੱਚ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਕਾਰਨ ਬਣੇ, ਤਾਂ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੋ ਸਕਦੀ।ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਡਾ. ਰਮਨ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।

