ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਲੋਂ ‘ਸੁਧਰੇ ਬੀਜਾਂ ਦਾ ਮਹੱਤਵ ਅਤੇ ਖਾਦਾਂ ਦੀਸੰਤੁਲਿਤ ਵਰਤੋਂ ਬਾਰੇ ਕਿਸਾਨ – ਵਿਗਿਆਨੀ ਗੋਸ਼ਟੀ ਦਾ ਆਯੋਜਨ
ਨਵਾਂਸ਼ਹਿਰ 08 ਮਈ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਲੋਂ 8 ਮਈ ਨੂੰ ਪਿੰਡ ਬੀਸਲਾ ਵਿਖੇ ‘ਸੁਧਰੇ ਬੀਜਾਂ ਦਾ ਮਹੱਤਵ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਮੁਹਿੰਮ ਅਧੀਨ ਕਿਸਾਨ -ਵਿਗਿਆਨੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ ਅਤੇ ਇਸਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਸੁਧਰੇ ਬੀਜਾਂ ਦੀ ਚੋਣ, ਮਿੱਟੀ ਪਰਖ, ਬੀਜ ਸੋਧ ਅਤੇ ਸੰਤੁਲਿਤ ਖਾਦਾਂ ਦੀ ਵਰਤੋਂ ਦੇ ਮਹੱਤਵ ਪ੍ਰਤੀ ਜਾਣੂ ਕਰਵਾਉਣਾ ਸੀ। ਇਸ ਪ੍ਰੋਗਰਾਮ ਵਿੱਚ 20 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ।ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਸੁਧਰੇ ਬੀਜਾਂ ਦੀ ਚੋਣ, ਮਿੱਟੀ ਪਰਖ, ਬੀਜ ਸੋਧ ਬਾਰੇ ਜਾਣਕਾਰੀ ਦਿੰਦੇ ਹੋਏ ਵਾਤਾਵਰਣ-ਅਨੁਕੂਲ ਕੀਟ ਪ੍ਰਬੰਧ ਪ੍ਰਣਾਲੀਆਂ ਰਾਹੀ ਸਾਉਣੀ ਦੀਆਂ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਝੋਨੇ ਦੇ ਮਧਰੇਪਣ ਦੇ ਰੋਗ ਬਾਰੇ ਵੀ ਚਰਚਾ ਕੀਤੀ ਗਈ। ਡਾ. ਤੇਜਬੀਰ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਮੌਕੇ ਤੇ ਪਸ਼ੂਆਂ ਦੀਆਂ ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਹੱਲ ਦੱਸੇ ਅਤੇ ਪਸ਼ੂਆਂ ਦੀ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਵਿਹਾਰਕ ਸੁਝਾਅ ਅਤੇ ਹੱਲ ਪੇਸ਼ ਕੀਤੇ। ਇਸ ਕਿਸਾਨ- ਵਿਗਿਆਨੀ ਗੋਸ਼ਟੀ ਨੇ ਕਿਸਾਨਾਂ ਨੂੰ ਇੱਕ ਸਿਹਤਮੰਦ ਵਾਤਾਵਰਣ, ਬਿਹਤਰ ਮਿੱਟੀ ਦੀ ਸਿਹਤ ਅਤੇ ਇੱਕ ਟਿਕਾਊ ਖੇਤੀਬਾੜੀ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਸੁਧਰੇ ਬੀਜਾਂ ਨੂੰ ਅਪਣਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।

