ਪਰਾਲੀ ਨਾ ਸਾੜਨ ਵਾਲੇ ਸ਼ਹੀਦ ਭਗਤ ਸਿੰਘ ਨਗਰ ਦੇ 10 ਅਗਾਂਹ ਵਧੂ ਕਿਸਾਨਾਂ ਦਾ ਪੀ ਏ ਯੂ ਲੁਧਿਆਣਾ ਵਿਖੇ ਵਿਸ਼ੇਸ਼ ਸਨਮਾਨ ਹੋਇਆ
ਨਵਾਂਸ਼ਹਿਰ 08 ਮਈ (ਹਰਿੰਦਰ ਸਿੰਘ)ਵਾਤਾਵਰਣ ਦੀ ਸੰਭਾਲ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਸ਼ਹੀਦ ਭਗਤ ਸਿੰਘ ਨਗਰ ਦੇ ਦਸ ਅਗਾਂਹ ਵਧੂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਲਈ ਚੈਂਪੀਅੰਨਜ਼ ਆਫ਼ ਗ੍ਰੀਨਰ ਪੰਜਾਬ ਵਜੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅੱਜ ਪੀ.ਏ.ਯੂ. ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ ਆਯੋਜਿਤ ‘ਸਸਟੇਨਏਬਲ ਐਗਰੀਕਲਚਰ ਐਂਡ ਕਰਾਪ ਰੈਜ਼ੀਡਿਊ ਮੈਨੇਜਮੈਂਟ ਸਮਿਟ’ (ਟਿਕਾਊ ਖੇਤੀਬਾੜੀ ਅਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸੰਮੇਲਨ) ਦੌਰਾਨ ਦਿੱਤਾ ਗਿਆ। ਇਹ ਸਮਾਗਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਅਤੇ ਕਲੀਨ ਏਅਰ ਪੰਜਾਬ ਵੱਲੋਂ ਆਈ. ਸੀ. ਏ. ਆਰ. – ਅਟਾਰੀ, ਜ਼ੋਨ -1,ਲੁਧਿਆਣਾ ਦੀ ਸਰਪ੍ਰਸਤੀ ਹੇਠ ਸਾਂਝੇ ਤੌਰ 'ਤੇ ਕਰਵਾਇਆ ਗਿਆ।ਸਮਾਗਮ ਦੌਰਾਨ ਡਾ. ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀ.ਏ.ਯੂ. ਲੁਧਿਆਣਾ ਨੇ ਡਾ. ਹਨੂੰਮਾਨ ਸਹਾਏ ਜਾਟ, ਡਾਇਰੈਕਟਰ ਆਈ.ਸੀ.ਏ.ਆਰ.-ਆਈ.ਆਈ.ਐਮ.ਆਰ., ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਅਤੇ ਡਾ. ਜੀ.ਐਸ. ਮੱਕੜ, ਇੰਚਾਰਜ ਪਲਾਂਟ ਹੈਲਥ ਕਲੀਨਿਕ, ਪੀ.ਏ.ਯੂ. ਲੁਧਿਆਣਾ ਦੇ ਨਾਲ ਮਿਲ ਕੇ ਇਹ ਪੁਰਸਕਾਰ ਪ੍ਰਦਾਨ ਕੀਤੇ। ਜ਼ਿਲ੍ਹੇ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਕੇ.ਵੀ.ਕੇ. ਲੰਗੜੋਆ ਨੇ ਇਲਾਕੇ ਵਿੱਚ ਫ਼ਸਲੀ ਰਹਿੰਦ- ਖੂੰਹਦ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਨਿਪੁੰਨ ਅਗਵਾਈ ਅਤੇ ਅਣਥੱਕ ਯਤਨਾਂ ਬਦਲੇ ਕਿਸਾਨਾਂ ਦੇ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਪਰਾਲੀ ਨਾ ਸਾੜਨ ਦੀ ਪ੍ਰਾਪਤੀ ਲਈ ਸਨਮਾਨਿਤ ਹੋਣ ਵਾਲੇ ਦਸ ਕਿਸਾਨਾਂ ਵਿੱਚ ਪਿੰਡ ਸਾਹਦੜਾ ਤੋਂ ਕੇਵਲ ਸਿੰਘ,ਗੁਰਨੇਕ ਸਿੰਘ ਅਤੇ ਗੁਰਰਾਕੇਸ਼ ਸਿੰਘ ਜੈਨਪੁਰ ਤੋਂ, ਅਮਨਜੀਤ ਸਿੰਘ ਛਦੌੜੀ ਤੋਂ ਜਰਮਨ ਸਿੰਘ ਅਤੇ ਜੁਲਾਹਮਾਜਰਾ ਵੀ ਤੋਂ ਦਵਿੰਦਰ ਸਿੰਘ (ਸਰਪੰਚ), ਗੁਰਦਿਆਲ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਅਤੇ ਅਰਵਿੰਦਰ ਸਿੰਘ ਸ਼ਾਮਲ ਹਨ।ਡਾ. ਪ੍ਰਦੀਪ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੀ.ਏ.ਯੂ. ਲੁਧਿਆਣਾ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਦਿੱਤੀ ਗਈ ਮਾਨਤਾ ਪੰਜਾਬ ਵਿੱਚ ਟਿਕਾਊ ਖੇਤੀਬਾੜੀ ਵੱਲ ਇੱਕ ਅਹਿਮ ਤਬਦੀਲੀ ਦਾ ਸੰਕੇਤ ਹੈ। ਇਨ੍ਹਾਂ ਮੋਹਰੀ ਕਿਸਾਨਾਂ ਦਾ ਸਨਮਾਨ ਕਰਕੇ ਯੂਨੀਵਰਸਿਟੀ ਨਾ ਸਿਰਫ਼ ਵਿਅਕਤੀਗਤ ਪ੍ਰਾਪਤੀਆਂ ਦਾ ਜਸ਼ਨ ਮਨਾ ਰਹੀ ਹੈ, ਸਗੋਂ ਸਮੁੱਚੇ ਕਿਸਾਨ ਭਾਈਚਾਰੇ ਲਈ ਇੱਕ ਮਿਸਾਲ ਵੀ ਕਾਇਮ ਕਰ ਰਹੀ ਹੈ ਤਾਂ ਜੋ ਜ਼ਮੀਨ ਦੀ ਸਿਹਤ ਨੂੰ ਬਚਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਦੂਸ਼ਣ ਰਹਿਤ ਵਾਤਾਵਰਣ ਯਕੀਨੀ ਬਣਾਉਣ ਲਈ ਸਾਂਝੇ ਹੰਭਲੇ ਮਾਰੇ ਜਾ ਸਕਣ।


