ਪੀ.ਏ.ਯੂ . ਕੇ.ਵੀ.ਕੇ ਸ਼ਹੀਦ ਭਗਤ ਸਿੰਘ ਨਗਰ ਵੱਲੋਂ ” ਗਰਮੀਆਂ ਦੇ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਅਤੇ ਪ੍ਰੋਸੈਸਿੰਗ” ਬਾਰੇ ਕਿੱਤਾ-ਮੁਖੀ ਸਿਖਲਾਈ ਕੋਰਸ ਲਗਾਇਆ ਗਿਆ
ਨਵਾਂਸ਼ਹਿਰ 11 ਮਈ (ਹਰਿੰਦਰ ਸਿੰਘ) ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ ਅਟਾਰੀ (ਜੋਨ -1) ਲੁਧਿਆਣਾ ਦੀ ਅਗਵਾਈ ਹੇਠ ਪੀ.ਏ.ਯੂ.ਕ੍ਰਿਸ਼ੀ ਵਿਗਿਆਨ ਕੇਂਦਰ ,ਲੰਗੜੋਆ (ਸ਼ਹੀਦ ਭਗਤ ਸਿੰਘ ਨਗਰ) ਵੱਲੋਂ ਮਿਤੀ 5 ਮਈ ਤੋਂ 11 ਮਈ ਤੱਕ ” ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਅਤੇ ਮੁੱਲ ਵਾਧਾ ” ਵਿਸ਼ੇ ਤੇ ਇੱਕ ਕਿੱਤਾ ਮੁਖੀ ਸਿਖਲਾਈ ਕੈਂਪ ਲਗਾਇਆ ਗਿਆ। ਇਹ ਸਿਖਲਾਈ ਕੈਂਪ ਕੇ.ਵੀ.ਕੇ ਦੇ ਡਾ.ਪ੍ਰਦੀਪ ਕੁਮਾਰ,ਡਿਪਟੀ ਡਾਇਰੈਕਟਰ (ਸਿਖਲਾਈ) ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਨੇ ਮਨੁੱਖੀ ਸਿਹਤ ਲਈ ਮੌਸਮੀ ਫਲਾਂ ਅਤੇ ਸਬਜੀਆਂ ਦੀ ਪੌਸ਼ਟਿਕਤਾ ਅਤੇ ਇਨ੍ਹਾਂ ਨੂੰ ਲੰਮੇਂ ਸਮੇਂ ਤੱਕ ਸੁਰੱਖਿਅਤ ਰੱਖਣ ਦੀ ਲੋੜ ਤੇ ਜੋਰ ਦਿੱਤਾ।ਡਾ.ਰਜਿੰਦਰ ਕੌਰ,ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਇਸ ਕੈਂਪ ਦੌਰਾਨ ਕੱਚੇ ਫਲਾਂ ਅਤੇ ਸਬਜੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਆਧੁਨਿਕ ਉਤਪਾਦਾਂ ਵਿੱਚ ਬਦਲਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਹੀ ਤਕਨੀਕਾਂ ਨਾਲ ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਕਰਕੇ ਅਸੀ ਨਾ ਸਿਰਫ ਇਨ੍ਹਾਂ ਦੀ ਵਰਤੋਂ ਦੀ ਮਿਆਦ ਵਧਾ ਸਕਦੇ ਹਾਂ,ਸਗੋਂ ਸਾਰਾ ਸਾਲ ਪੌਸ਼ਟਿਕ ਖੁਰਾਕ ਵੀ ਪ੍ਰਾਪਤ ਕਰ ਸਕਦੇ ਹਾਂ। ਕੈਂਪ ਦੇ ਸਿਖਿਆਰਥੀਆਂ ਨੂੰ ਹੇਠ ਲਿਖੇ ਉਤਪਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ।• ਆੜੂ ਅਤੇ ਖਰਬੂਜੇ ਦਾ ਜੈਮ ਅਤੇ ਟਮਾਟਰ ਦੀ ਚਟਨੀ,ਪੀਣ ਵਾਲੇ ਪਦਾਰਥ ,ਆੜੂ ਅਤੇ ਅੰਬ ਦਾ ਸਕੈਸ਼, ਅਚਾਰ :- ਲਸਣ ਅਤੇ ਟਮਾਟਰ ਦਾ ਅਚਾਰ,ਸ਼ਰਬਤ :-ਬਦਾਮ ਅਤੇ ਗੁਲਾਬ ਦੀਆਂ ਪੱਤੀਆਂ ਦਾ ਸ਼ਰਬਤ । ਰੇਣੂ ਬਾਲਾ,ਡੈਮੋਸਟ੍ਰੇਟਰ (ਗ੍ਰਹਿ ਵਿਗਿਆਨ) ਨੇ ਸਿਖਿਆਰਥੀਆਂ ਨੂੰ ਦੱਸਿਆ ਕਿ ਪੈਕਿੰਗ ਅਤੇ ਸਹੀ ਲੇਬਲਿੰਗ ਕਰਕੇ ਇਨ੍ਹਾਂ ਸੁਰੱਖਿਅਤ ਕੀਤੇ ਉਤਪਾਦਾਂ ਨੂੰ ਕਿਸ ਤਰ੍ਹਾਂ ਬਜਾਰ ਵਿੱਚ ਵੇਚਣ ਯੋਗ ਬਣਾਇਆ ਜਾ ਸਕਦਾ ਹੈ।ਅੰਤ ਵਿੱਚ ਡਾ.ਰਜਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਫਲਾਂ ਅਤੇ ਸਬਜੀਆਂ ਦੀ ਸਾਂਭ ਸੰਭਾਲ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਸਾਰੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ।




