ਨਵਾਂਸ਼ਹਿਰ 10 ਜੂਨ (ਹਰਿੰਦਰ ਸਿੰਘ) ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਦੌਲਤਪੁਰ ਵਿਖੇ ਉਪਜਾਊ ਜ਼ਮੀਨ ਨੂੰ ਬਚਾਉਣ ਲਈ ਰਾਸ਼ਟਰੀ ਪੱਧਰ ਦੀ ਮੁਹਿੰਮ “ਖੇਤ ਬਚਾਓ ਅਭਿਆਨ” ਦੀ ਅਗਵਾਈ ਖੇਤੀਬਾੜੀ ਵਾਲੀ ਜ਼ਮੀਨ ਦੇ ਹੋਰ ਕੰਮਾਂ ਲਈ ਤਬਦੀਲ ਹੋਣ ਦੇ ਚਿੰਤਾਜਨਕ ਰੁਝਾਨ ਨੂੰ ਰੋਕਣ ਲਈ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਅਤੇ ਆਈ.ਸੀ.ਏ.ਆਰ.-ਅਟਾਰੀ (ICAR-ATARI), ਜ਼ੋਨ-1, ਲੁਧਿਆਣਾ ਦੀ ਸਰਪ੍ਰਸਤੀ ਹੇਠ 10 ਜੂਨ ਨੂੰ ਪਿੰਡ ਦੌਲਤਪੁਰ ਵਿਖੇ ਇੱਕ ਪ੍ਰਭਾਵਸ਼ਾਲੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਪ੍ਰੋਗਰਾਮ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਸਿਖਲਾਈ), ਪੀ.ਏ.ਯੂ.-ਕੇ.ਵੀ.ਕੇ. ਲੰਗੜੋਆ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।ਇੱਕ ਤਕਨੀਕੀ ਸੈਸ਼ਨ ਦੌਰਾਨ, ਡਾ. ਜਸਵਿੰਦਰ ਕੁਮਾਰ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਮੁੱਖ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਮਿੱਟੀ ਦੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣ, ਜਿਸ ਨਾਲ ਮਿੱਟੀ ਦੀ ਸਿਹਤ ਯਕੀਨੀ ਬਣੇਗੀ ਅਤੇ ਬਣੇ ਹੋਏ ‘ਸੋਇਲ ਹੈਲਥ ਕਾਰਡ’ (ਮਿੱਟੀ ਸਿਹਤ ਕਾਰਡ) ਰਾਹੀਂ ਕਿਸਾਨਾਂ ਨੂੰ ਖਾਦ ਦੀ ਲੋੜੀਂਦੀ ਮਾਤਰਾ ਪਾਉਣ ਬਾਰੇ ਆਪਣੇ ਆਪ ਸਹੀ ਸੇਧ ਮਿਲੇਗੀ। ਦੂਜਾ, ਖੇਤੀ ਦੀ ਲਾਗਤ ਨੂੰ ਘਟਾਉਣ ਅਤੇ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਕਿਸਾਨਾਂ ਨੂੰ ਹਰੀ ਖਾਦ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਨਾ ਸਿਰਫ਼ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ, ਸਗੋਂ ਇਸ ਨਾਲ ਖੇਤੀ ਦਾ ਖਰਚਾ ਵੀ ਘਟਦਾ ਹੈ।ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੈਂਪ ਦੌਰਾਨ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਸਿਫ਼ਾਰਿਸ਼ਾਂ ਦੀ ਪਾਲਣਾ ਕਰਨ ਅਤੇ ਹਮੇਸ਼ਾ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਤੇ ਬਾਇਓ-ਐਨਜ਼ਾਈਮ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ, ਅਤੇ ਸਿਹਤਮੰਦ ਪਨੀਰੀ ਤਿਆਰ ਕਰਨ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਕੀਤੀਆਂ ਤਕਨੀਕਾਂ ਅਪਣਾਉਣ ਦੀ ਅਪੀਲ ਕੀਤੀ। ਸ਼੍ਰੀਮਤੀ ਰੇਨੂੰ ਬਾਲਾ, ਡੈਮੋਨਸਟ੍ਰੇਟਰ (ਗ੍ਰਹਿ ਵਿਗਿਆਨ) ਨੇ ਪੇਂਡੂ ਕਿਸਾਨਾਂ ਅਤੇ ਔਰਤਾਂ ਲਈ ਕੇ.ਵੀ.ਕੇ. ਵੱਲੋਂ ਚਲਾਈਆਂ ਜਾ ਰਹੀਆਂ ਪਸਾਰ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਵਿੱਚ ਜ਼ਮੀਨੀ ਪੱਧਰ ‘ਤੇ ਐੱਫ.ਪੀ.ਓਜ਼ (FPOs) ਅਤੇ ਸਵੈ-ਸਹਾਇਤਾ ਸਮੂਹਾਂ (SHGs) ਦੇ ਕੰਮਕਾਜ ਸ਼ਾਮਲ ਸਨ।ਕੈਂਪ ਦੀ ਸਮਾਪਤੀ ਇੱਕ ਸਵਾਲ-ਜਵਾਬ ਸੈਸ਼ਨ ਨਾਲ ਹੋਈ, ਜਿੱਥੇ ਕਿਸਾਨਾਂ ਨੇ ਖੇਤ ਪੱਧਰ ਦੀਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਅਤੇ ਕੇ.ਵੀ.ਕੇ. ਦੇ ਮਾਹਿਰਾਂ ਤੋਂ ਆਪਣੇ ਇਲਾਕੇ ਦੇ ਮੁਤਾਬਕ ਸੇਧ ਪ੍ਰਾਪਤ ਕੀਤੀ। ਭਾਗ ਲੈਣ ਵਾਲਿਆਂ ਵਿੱਚ ਸਰਪੰਚ ਹਰਮਨਦੀਪ ਸਿੰਘ, ਕੋਆਪਰੇਟਿਵ ਸਕੱਤਰ ਮਨਪ੍ਰੀਤ ਸਿੰਘ ਅਤੇ ਅਗਾਂਹਵਧੂ ਕਿਸਾਨ ਜਿਵੇਂ ਕਿ ਬਰਜਿੰਦਰ ਪਾਲ, ਪਰਮਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਸ਼ਾਮਲ ਸਨ। ਇਨ੍ਹਾਂ ਸਭਨਾਂ ਨੇ ਕੈਂਪ ਵਿੱਚ ਵਿਚਾਰੀਆਂ ਗਈਆਂ ਤਕਨੀਕਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਅਗਲੇਰੀਆਂ ਪ੍ਰਦਰਸ਼ਨੀਆਂ ਅਤੇ ਸਾਂਝੇ ਉਪਰਾਲਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ।

