ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਪਿੰਡ ਜਾਨੀਆਂ ਵਿਖੇ ਖੇਤ ਬਚਾਓ ਅਭਿਆਨ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ
ਨਵਾਂਸ਼ਹਿਰ 11 ਜੂਨ (ਹਰਿੰਦਰ ਸਿੰਘ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਪੀ.ਏ.ਯੂ ਕੇ.ਵੀ.ਕੇ. ਲੰਗੜੋਆ ਵੱਲੋਂ ਜਾਨੀਆਂ ਵਿਖੇ ਕ੍ਰਿਸ਼ੀ ਸਖੀਆਂ ਨਾਲ ‘ਖੇਤ ਬਚਾਓ ਅਭਿਆਨ’ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਆਯੋਜਨ ਖਾਦਾਂ ਦੀ ਅੰਨ੍ਹੇਵਾਹ ਵਰਤੋਂ ‘ਤੇ ਚਿੰਤਾ ਪ੍ਰਗਟ ਕਰਦਿਆਂ, ਜਾਗਰੂਕ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਕੇ.ਵੀ.ਕੇ. ਲੰਗੜੋਆ ਦੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਪ੍ਰਦੀਪ ਕੁਮਾਰ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਤਕਨੀਕੀ ਸੈਸ਼ਨ ਦੀ ਸ਼ੁਰੂਆਤ ਕਰਦਿਆਂ, ਡਾ. ਜਸਵਿੰਦਰ ਕੁਮਾਰ, ਅਸਿਸਟੈਂਟ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ਼ ਮਿੱਟੀ ਦੀ ਸਿਹਤ ਪਰਖ ਦੇ ਆਧਾਰ ‘ਤੇ ਹੀ ਖੇਤਾਂ ਵਿੱਚ ਐਨ.ਪੀ.ਕੇ.ਦੀ ਸੰਤੁਲਿਤ ਮਾਤਰਾ ਦੀ ਵਰਤੋਂ ਕਰਨ। ਪੀ.ਏ.ਯੂ. ਲੀਫ ਕਲਰ ਚਾਰਟ (ਪੱਤਾ ਰੰਗ ਚਾਰਟ) ਅਤੇ ਮਿੱਟੀ ਦੀ ਸਿਹਤ ਦੀ ਜਾਂਚ ਕਰਨ ਵਾਲੀਆਂ ਪ੍ਰਯੋਗਸ਼ਾਲਾਵਾਂ ਕੇ.ਵੀ.ਕੇ. ਦੇ ਬਿਲਕੁਲ ਨੇੜੇ ਉਪਲਬਧ ਹਨ, ਜੋ ਕਿਸਾਨਾਂ ਨੂੰ ਮਿੱਟੀ ਪਰਖ ਦੀਆਂ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ, ਸੋਇਲ ਹੈਲਥ ਕਾਰਡ (ਮਿੱਟੀ ਸਿਹਤ ਕਾਰਡ) ਉਨ੍ਹਾਂ ਨੂੰ ਪੌਸ਼ਟਿਕ ਤੱਤਾਂ ਦੀ ਘਾਟ ਦਾ ਆਸਾਨੀ ਨਾਲ ਵਿਸ਼ਲੇਸ਼ਣ ਕਰਨ ਅਤੇ ਖੇਤ ਵਿੱਚ ਲੋੜੀਂਦੇ ਸੁਧਾਰਾਂ ਲਈ ਮਾਰਗ ਦਰਸ਼ਨ ਕਰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਦੀ ਸਿਹਤ ਨੂੰ ਕੁਦਰਤੀ ਤੌਰ ‘ਤੇ ਸੰਤੁਲਿਤ ਬਣਾਉਣ ਲਈ ਹਰੀ ਖਾਦ ਅਤੇ ਫ਼ਸਲਾਂ ਦੀ ਰਹਿੰਦ- ਖੂੰਹਦ ਦੇ ਖੇਤ ਵਿੱਚ ਹੀ ਪ੍ਰਬੰਧਨ ਦੀ ਵਰਤੋਂ ਕਰਨ। ਭੂਮੀ ਸੰਭਾਲ ਦੇ ਨਾਲ ਪੋਸ਼ਣ ਦੇ ਪਹਿਲੂ ਨੂੰ ਜੋੜਦਿਆਂ, ਡਾ. ਰਜਿੰਦਰ ਕੌਰ, ਅਸਿਸਟੈਂਟ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਘਰੇਲੂ ਬਗੀਚੀ ਅਤੇ ਛੱਤ ‘ਤੇ ਬਾਗਬਾਨੀ ਅਪਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਤਰੀਕਿਆਂ ਨੂੰ ਪਰਿਵਾਰਾਂ ਨੂੰ ਤੰਦਰੁਸਤ ਰੱਖਣ ਅਤੇ ਹਾਨੀਕਾਰਕ ਰਸਾਇਣਾਂ ਤੋਂ ਬਚਾਉਣ ਲਈ ਜ਼ਰੂਰੀ ਕਦਮ ਦੱਸਿਆ। ਉਨ੍ਹਾਂ ਨੇ ਸਥਾਨਕ ਭਾਈਚਾਰਿਆਂ ਦੀ ਸਹਾਇਤਾ ਲਈ ਕੇ.ਵੀ.ਕੇ. ਵਿਖੇ ਚਲਾਈਆਂ ਜਾ ਰਹੀਆਂ ਚੱਲ ਰਹੀਆਂ ਪਸਾਰ ਅਤੇ ਸਿਖਲਾਈ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ। ਸ਼੍ਰੀਮਤੀ ਰੇਨੂ ਬਾਲਾ, ਡੈਮੋਨਸਟ੍ਰੇਟਰ (ਗ੍ਰਹਿ ਵਿਗਿਆਨ) ਨੇ ਕਿਸਾਨਾਂ/ਮਹਿਲਾ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਔਰਤ ਹੀ ਤੈਅ ਕਰਦੀ ਹੈ ਕਿ ਘਰ ਵਿੱਚ ਕੀ ਪੱਕਣਾ ਹੈ ਅਤੇ ਕੀ ਵਿਕਣਾ ਹੈ। ਜੇਕਰ ਰਸੋਈ ਪੌਸ਼ਟਿਕ ਤੱਤਾਂ ਨਾਲ ਭਰਪੂਰ, ਰਹਿੰਦ-ਖੂੰਹਦ ਮੁਕਤ ਅਨਾਜ ਦੀ ਮੰਗ ਕਰੇਗੀ, ਤਾਂ ਕਿਸਾਨ ਆਪਣੇ ਆਪ ਸੰਤੁਲਿਤ ਖੇਤੀ ਵੱਲ ਵਧੇਗਾ ਅਤੇ ਸਾਡੀ ਜ਼ਮੀਨ ਨੂੰ ਬਚਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ‘ਖੇਤ ਬਚਾਓ ਅਭਿਆਨ’ ਵਿੱਚ ਐਫ.ਪੀ.ਓ. ਅਤੇ ਸੈਲਫ ਹੈਲਪ ਗਰੁੱਪ ਅਹਿਮ ਭੂਮਿਕਾ ਨਿਭਾਉਂਦੇ ਹਨ। ਗੁਰਪ੍ਰੀਤ ਸਿੰਘ, ਏ.ਡੀ.ਓ. ਨਵਾਂਸ਼ਹਿਰ ਨੇ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਖੇਤੀਬਾੜੀ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਵਿਭਾਗ ਕੋਲ ਆਪਣੀ ਕੇ.ਵਾਈ.ਸੀ. ਅਤੇ ਪਛਾਣ ਪੱਤਰਾਂ ਦੇ ਵੇਰਵੇ ਅਪਡੇਟ ਕਰਵਾਉਣ।ਅੰਤ ਵਿੱਚ, ਪੰਚਾਇਤ ਵੱਲੋਂ ਸਰਪੰਚ ਮਨਦੀਪ ਰਾਏ, ਜਨਰਲ ਸਕੱਤਰ ਐਸ. ਜਗਤਾਰ ਸਿੰਘ, ਅਤੇ ਪਿੰਡ ਜਾਨੀਆਂ ਦੀਆਂ ਕ੍ਰਿਸ਼ੀ ਸਖੀਆਂ ਜੋਗਿੰਦਰ ਕੌਰ ਅਤੇ ਕਮਲੇਸ਼ ਕੌਰ ਨੇ ਕੇ.ਵੀ.ਕੇ. ਦੀ ਟੀਮ ਕੈਂਪ ਲਗਾਉਣ ਲਈ ਨਿੱਘਾ ਧੰਨਵਾਦ ਕੀਤਾ।


