ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ -7 ਜੁਲਾਈ ਨੂੰ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ-17 ਜੁਲਾਈ ਨੂੰ ਸੂਬਾ ਰੈਲੀ ਮੋਹਾਲੀ ਵਿਖੇ

*ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ* *7 ਜੁਲਾਈ ਨੂੰ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ**17 ਜੁਲਾਈ ਨੂੰ ਸੂਬਾ ਰੈਲੀ ਮੋਹਾਲੀ ਵਿਖੇ*

ਨਵਾਂ ਸ਼ਹਿਰ 24 ਜੂਨ (ਹਰਿੰਦਰ ਸਿੰਘ) ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵੱਲੋਂ ਐਲਾਨੇ ਗਏ ਸਾਂਝੇ ਐਕਸ਼ਨਾਂ ਦੀ ਲੜੀ ਵਜੋਂ ਅੱਜ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਸੋਮ ਲਾਲ, ਨਰਿੰਦਰ ਕੁਮਾਰ ਮਹਿਤਾ, ਬਹਾਦਰ ਸਿੰਘ ਜੀਤ ਲਾਲ ਗੋਹਲੜੋਂ, ਅਜੇ ਕੁਮਾਰ, ਕੁਲਵਿੰਦਰ ਸਿੰਘ ਅਟਵਾਲ, ਹਰਮਿੰਦਰ ਸਿੰਘ ਉਪਲ, ਅਜੀਤ ਸਿੰਘ ਬਰਨਾਲਾ, ਮੁਲਖ ਰਾਜ ਸ਼ਰਮਾ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮਦਨ ਲਾਲ, ਕਰਨੈਲ ਸਿੰਘ ਰਾਹੋਂ, ਗੁਲਸ਼ਨ ਕੁਮਾਰ, ਜਸਵੀਰ ਸਿੰਘ ਮੋਰੋਂ, ਸੁਰਿੰਦਰ ਸਿੰਘ ਸੋਇਤਾ, ਪਰਸ਼ੋਤਮ ਲਾਲ, ਅਮਰੀਕ ਸਿੰਘ, ਸੋਹਣ ਸਿੰਘ, ਸੁਰਜੀਤ ਕੁਮਾਰ, ਜਗਦੀਸ਼ ਚੰਦਰ, ਨੰਦ ਲਾਲ ਬੰਗਾ, ਵਰਿੰਦਰ ਕੁਮਾਰ, ਅਸ਼ਵਨੀ ਕੁਮਾਰ, ਹਸ਼ਮਤ ਅਲੀ ਆਦਿ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਾਢੇ ਚਾਰ ਸਾਲ ਤੋਂ ਵੱਟੀ ਚੁੱਪ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪਿਛਲੇ ਤਨਖਾਹ ਕਮਿਸ਼ਨਾਂ ਵਲੋਂ ਦਿੱਤੇ ਲਾਭ ਖੋਹਣ ਦੇ ਨਾਲ ਨਾਲ ਅਦਾਲਤਾਂ ਵਲੋਂ ਦਿੱਤੇ ਜਾਂਦੇ ਹੱਕ ਵੀ ਖੋਹਣ ਦਾ ਯਤਨ ਕਰ ਰਹੀ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਦਿੱਤੇ ਗਏ ਉਚੇਰੀ ਗ੍ਰੇਡ ਪੇ ਦੇ ਲਾਭ ਖੋਹ ਲਏ ਗਏ ਹਨ। ਪੇਂਡੂ ਭੱਤੇ, ਬਾਰਡਰ ਭੱਤੇ ਸਮੇਤ 37 ਭੱਤੇ ਸੋਧਣ ਦੇ ਨਾਂ ਤੇ ਬੰਦ ਕੀਤੇ ਗਏ ਹਨ। ਛੇਵੇਂ ਤਨਖਾਹ ਕਮਿਸ਼ਨ ਦੀ ਅੱਧੀ ਰਿਪੋਰਟ ਜਾਰੀ ਕੀਤੀ ਗਈ ਹੈ ਜੋ ਕਿ ਲਾਗੂ ਨਹੀਂ ਕੀਤੀ ਗਈ। ਅੱਧੀ ਰਿਪੋਰਟ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ, ਜਦੋਂ ਕਿ ਜਨਵਰੀ 26 ਤੋਂ ਅਗਲਾ ਸੱਤਵਾਂ ਪੇ ਕਮਿਸ਼ਨ ਲਾਗੂ ਹੋਣਾ ਸੀ। ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਵੱਲੋਂ 2.59 ਦਾ ਗੁਣਾਕ ਦੇਣ ਦੀ ਸਿਫਾਰਿਸ਼ ਲਾਗੂ ਨਹੀਂ ਕੀਤੀ ਜਾ ਰਹੀ।ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 18 ਪ੍ਰਤੀਸ਼ਤ ਮਹਿੰਗਾਈ ਭੱਤਾ ਘੱਟ ਦਿੱਤਾ ਜਾ ਰਿਹਾ ਹੈ। ਪਿਛਲੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਹਾਲੇ ਤੱਕ ਵੀ ਨਸੀਬ ਨਹੀਂ ਹੋਇਆ। ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤੇ ਗਏ ਬਕਾਇਆ ਦੇਣ ਦੇ ਫੈਸਲੇ ਨੂੰ ਰੋਕਣ ਲਈ ਸਰਕਾਰ ਡਬਲ ਬੈਂਚ ਕੋਲ ਅਪੀਲਾਂ ਪਾ ਰਹੀ ਹੈ। ਆਗੂਆਂ ਨੇ ਇਸ ਸਰਕਾਰ ਨੂੰ ਸਭ ਤੋਂ ਵੱਧ ਭ੍ਰਿਸ਼ਟ ਅਤੇ ਮੁਲਾਜ਼ਮਾਂ ਪੈਨਸ਼ਨਰਾਂ ਦੇ ਵਿਰੋਧੀ ਕਰਾਰ ਦਿੱਤਾ ਹੈ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਵਾਲੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਕਰਨ ਦੇ ਸੱਦੇ ਅਨੁਸਾਰ 7 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਉਪਰੰਤ 17 ਜੁਲਾਈ ਨੂੰ ਮੋਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ।

Leave a Reply

Your email address will not be published. Required fields are marked *

error: Content is protected !!