ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਜੱਥੇ ਨੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ- ਦੀਦਾਰ ਕੀਤੇ


ਇਤਿਹਾਸ ਦੀ ਜਾਣਕਾਰੀ ਲਈ ਆਪਣੇ ਬੱਚਿਆਂ ਨੂੰ ਗੁਰਧਾਮਾਂ ਦੇ ਦਰਸ਼ਨ ਜਰੂਰ ਕਰਵਾਓ – ਅਮਰਜੀਤ ਸਿੰਘ ਖਾਲਸਾ*

ਨਵਾਂਸ਼ਹਿਰ 29 ਜੁਲਾਈ: (ਹਰਿੰਦਰ ਸਿੰਘ ਨਵਾਂਸ਼ਹਿਰ) ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ 50 ਤੋਂ ਵੱਧ ਸੰਗਤ ਦੇ ਜੱਥੇ ਨੇ ਜ਼ਿਲ੍ਹਾ ਲੁਧਿਆਣਾ, ਮੋਗਾ ਅਤੇ ਫ਼ਿਰੋਜ਼ਪੁਰ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦੀਦਾਰ ਕੀਤੇ । ਜਾਣਕਾਰੀ ਦਿੰਦੇ ਹੋਏ ਸੁਸਾਇਟੀ ਸਕੱਤਰ ਸ. ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਦੇ 50 ਤੋਂ ਵੱਧ ਸੰਗਤ ਦੇ ਜੱਥਾ ਗੁ : ਮੰਜੀ ਸਾਹਿਬ, ਬੰਗਾ ਰੋਡ, ਨਵਾਂਸ਼ਹਿਰ ਤੋਂ ਅਰਦਾਸ ਕਰਕੇ ਗੁਰਧਾਮਾਂ ਦੇ ਦਰਸ਼ਨ ਲਈ ਰਵਾਨਾ ਹੋਇਆ । ਉਨ੍ਹਾਂ ਦੱਸਿਆ ਕਿ ਸੱਗਤਾਂ ਵੱਲੋਂ ਰਸਤੇ ਵਿੱਚ ਵਾਹਿਗੁਰੂ ਜੀ ਦਾ ਸਿਮਰਨ, ਪਾਠ ਅਤੇ ਕੀਰਤਨ ਦਾ ਅਨੰਦ ਲਿਆ ਗਿਆ । ਉਨ੍ਹਾਂ ਦੱਸਿਆ ਕਿ ਸੰਗਤਾਂ ਨੇ ਰਸਤੇ ਵਿੱਚ ਆਉਣ ਵਾਲੇ ਸਾਰੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਜਿਸ ਵਿੱਚ ਪ੍ਰਮੁੱਖ ਗੁਰਦੁਆਰਾ ਸਾਹਿਬ ਗੁ: ਮਹਿਤੇਆਣਾ ਸਾਹਿਬ, (ਸਿੱਖ ਇਤਿਹਾਸ ਦਾ ਸਕੂਲ), ਲੁਧਿਆਣਾ, ਗੁ: ਦੇਗਸਰ ਸਾਹਿਬ, (ਗੁ: ਕਟਾਣਾ ਸਾਹਿਬ), ਦੋਰਾਹਾ, ਗੁ : ਜ਼ਫ਼ਰਨਾਮਾ ਸਾਹਿਬ, ਦੀਨਾ ਕਾਂਗੜ, ਗੁ : ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਗ, ਪੱਤੋ ਹੀਰਾ ਸਿੰਘ, ਮੋਗਾ, ਗੁ: ਸ਼ਹੀਦਗੰਜ ਸਾਹਿਬ, ਮੁੱਦਕੀ, ਗੁ : ਜਾਮਨੀ ਸਾਹਿਬ, ਪਾਤਸ਼ਾਹੀ ਦਸਵੀਂ ਫ਼ਿਰੋਜ਼ਪੁਰ ਆਦਿ । ਉਹਨਾਂ ਗੁਰਦੁਆਰਾ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਦਸਵੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਗੁ: ਮਹਿਤੇਆਣਾ ਸਾਹਿਬ ਦੇ ਆਸ ਪਾਸ ਸਿੱਖ ਯੋਧਿਆਂ ਦੀਆਂ ਮੂਰਤੀਆਂ ਅਤੇ ਬੁੱਤ ਬਣਾਏ ਗਏ ਹਨ ਜਿਨ੍ਹਾਂ ਨੇ ਨਾ ਸਿਰਫ ਧਰਮ ਦੀ ਖ਼ਾਤਰ ਆਪਣੀਆਂ ਜਾਨਾਂ ਵਾਰੀਆਂ ਬਲਕਿ ਮੁਗਲਾਂ ਦੇ ਹੱਥੋਂ ਤਸੀਹੇ ਵੀ ਝੱਲੇ। ਇਹ ਬੁੱਤ ਸਿਪਾਹੀ, ਔਰਤਾਂ ਅਤੇ ਬੱਚਿਆਂ ਦੇ ਟੁਕੜੇ ਕੀਤੇ ਜਾਣ ਨੂੰ ਦਰਸਾਉਂਦੇ ਹਨ। ਕੁਝ ਮੂਰਤੀਆਂ ਗੁਰੂ ਗੋਬਿੰਦ ਸਿੰਘ ਦੇ ਇੱਕ ਸਿਪਾਹੀ ਭਾਈ ਕਨ੍ਹਈਆ ਨੂੰ ਦਰਸਾਉਂਦੀਆਂ ਹਨ, ਨਾ ਸਿਰਫ ਆਪਣੀ ਫੌਜ ਵਿੱਚ ਜ਼ਖਮੀ ਫੌਜੀਆਂ ਨੂੰ, ਬਲਕਿ ਜ਼ਖਮੀ ਦੁਸ਼ਮਣ ਸਿਪਾਹੀਆਂ ਨੂੰ ਵੀ ਪਾਣੀ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਮੂਰਤੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਧਰਮ ਉਨ੍ਹਾਂ ਦੇ ਜੀਵਨ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ। ਸਿੱਖ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਇਸ ਅਸਥਾਨ ਤੇ ਜ਼ਰੂਰ ਆਉਣਾ ਚਾਹੀਦਾ ਹੈ, ਤਾਂ ਜੋ ਅਜਾਇਬ ਘਰ ਨੂੰ ਦੇਖ ਕੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਿਲ ਹੋ ਸਕੇ । ਉਹਨਾਂ ਦੱਸਿਆ ਗੁਰੂ ਗ੍ਰੰਥ ਸਾਹਿਬ ਬਾਗ ਅਸਥਾਨ: ਗੁ: ਗੁਰੂਸਰ ਸਾਹਿਬ, ਪੱਤੋ ਹੀਰਾ ਸਿੰਘ, ਮੋਗਾ ਦਾ ਉਦਘਾਟਨ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਮਿਤੀ 20 ਸਤੰਬਰ 2021 ਨੂੰ ਕੀਤਾ ਗਿਆ । ਈਕੋਸਿੱਖ ਸੰਸਥਾ (ਯੂ.ਐਸ.ਏ.) ਅਤੇ ਪੈਟਲਸ ਸੁਸਾਇਟੀ ਵੱਲੋਂ, ਗੁਰਬਾਣੀ ਵਿੱਚ ਕੁਦਰਤ ਨਾਲ ਜੋੜਨ ਲਈ ਦਿੱਤੇ ਗਏ ਸੰਦੇਸ਼ ਨੂੰ ਉਜਾਗਰ ਕਰਨ ਲਈ ਇਹ ਬਾਗ ਸਥਾਪਿਤ ਕੀਤਾ ਗਿਆ ਹੈ । ਜਿਸ ਵਿਚ ਗੁਰਬਾਣੀ ਵਿੱਚ ਦਰਜ ਬੂਟੇ, ਰੁੱਖ, ਝਾੜ, ਫਸਲਾਂ ਆਦਿ ਬਾਗ ਦੇ ਰੂਪ ਵਿੱਚ ਦਰਸਾਏ ਗਏ ਹਨ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਇੱਥੋਂ ਪ੍ਰੇਰਨਾ ਮਿਲੇ । ਭਾਈ ਰਣਜੀਤ ਸਿੰਘ ਨੇ ਗਾਈਡ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਬਾਗ ਨਾਲ ਸਬੰਧਿਤ ਸਾਰੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ । ਇਸ ਨਾਲ ਸੰਗਤਾਂ ਨੂੰ ਗੁਰਬਾਣੀ ਚ ਆਏ ਕੁਦਰਤ ਅਤੇ ਉਸਦੀ ਸੰਭਾਲ ਕਰਨ ਦੇ ਸਿੱਖ ਗੁਰੂਆਂ ਵੱਲੋਂ ਦਿੱਤੇ ਉਪਦੇਸ਼ ਬਾਰੇ ਪਤਾ ਲੱਗਿਆ । ਸੰਗਤਾਂ ਦਾ ਜੱਥਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਗੁ: ਮੰਜੀ ਸਾਹਿਬ ਨਵਾਂਸ਼ਹਿਰ ਪਹੁੰਚਿਆ ਜਿੱਥੇ ਸੰਗਤਾਂ ਵੱਲੋਂ ਯਾਤਰਾ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ । ਇਸ ਮੌਕੇ ਅਮਰਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਵੇਲੀ, ਦਾਰਾ ਸਿੰਘ ਕੁਲਾਮ, ਜੋਗਾ ਸਿੰਘ ਮਜੂਰ, ਗੁਰਬਾਜ਼ ਸਿੰਘ ਰਮਰਾਏਪੁਰ, ਬੀਨਾ ਕੌਰ ਕਰਨਾਣਾ, ਜਸਵਿੰਦਰ ਕੌਰ ਸੁਖਮਨੀ ਸੇਵਾ ਸੁਸਾਇਟੀ, ਬੰਗਾ, ਦਵਿੰਦਰ ਕੌਰ, ਤਰਸੇਮ ਕੌਰ ਮਾਤਾ ਗੁਜਰ ਕੌਰ ਸੁਖਮਨੀ ਸੇਵਾ ਸੁਸਾਇਟੀ, ਨਵਾਂਸ਼ਹਿਰ, ਕੁਲਦੀਪ ਸਿੰਘ, ਅਮਰਜੀਤ ਕੌਰ, ਦਰਸ਼ਨ ਕੌਰ, ਸ਼ਕੁੰਤਲਾ ਦੇਵੀ, ਗਿਆਨ ਚੰਦ, ਹਰਮਨਜੀਤ ਸਿੰਘ, ਕੁਲਵਿੰਦਰ ਸਿੰਘ, ਮਨੀਸ਼ ਸਿੰਘ ਅਤੇ ਸੰਦੀਪ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

error: Content is protected !!