ਸ਼ਹੀਦ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਬੂਟੇ ਲਗਾ ਕੇ ਦਿਤੀ ਸ਼ਰਧਾਂਜਲੀ

ਨਵਾਂਸ਼ਹਿਰ 31 ਜੁਲਾਈ (ਹਰਿੰਦਰ ਸਿੰਘ)13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿੱਚ ਹਜ਼ਾਰਾਂ ਨਿਹੱਥੇ, ਬੇਕਸੂਰ ਅਤੇ ਦੇਸ਼ਭਗਤ ਲੌਕਾਂ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਮਾਈਕਲ ਓ’ਡਵਾਇਰ ਨੂੰ ਲੰਦਨ ਦੇ ਕੈਕਸਟਨ ਹਾਲ ਵਿੱਚ ਭਰੀ ਸਭਾ ਵਿੱਚ ਹਿੱਕ ਵਿੱਚ ਗੋਲੀ ਮਾਰਨ ਵਾਲੇ ਮਹਾਨ ਸੂਰਮੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਵਾਤਾਵਰਣ ਸੰਭਾਲ ਸੁਸਾਇਟੀ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਬੂਟੇ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਨੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ 21 ਸਾਲ ਬਾਅਦ 13 ਮਾਰਚ 1940 ਨੂੰ ਲਿਆ। ਉਨ੍ਹਾਂ ਵੱਲੋਂ ਆਪਣੀ ਗ੍ਰਿਫਤਾਰੀ ਦੇਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਮੁਕੱਦਮਾ ਚਲਾ ਕੇ 31 ਜੁਲਾਈ 1940 ਨੂੰ ਲੰਡਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ। ਉਨ੍ਹਾਂ ਦੇ ਆਖ਼ਰੀ ਸ਼ਬਦ ਸਨ: ਮੈਂ ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਦਿੰਦਾ ਹਾਂ।” ਉਨ੍ਹਾਂ ਦੀ ਕੁਰਬਾਨੀ ਦੇਸ਼ ਦੀ ਆਜ਼ਾਦੀ ਲਈ ਬਹੁਤ ਲਾਸਾਨੀ ਹੈ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਦੇਸ਼ਵਾਸੀਆਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਸ਼ਹਾਦਤ ਦੇ ਕਿੱਸੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦੱਸਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਵਿੱਚ ਦੇਸ਼ ਭਗਤੀ ਅਤੇ ਸ਼ਹੀਦਾਂ ਪ੍ਰਤੀ ਸ਼ਰਧਾ ਦੀ ਭਾਵਨਾ ਪੈਦਾ ਹੋਵੇ। ਇਸ ਮੌਕੇ ਤੇ ਸੁਸਾਇਟੀ ਮੈਂਬਰਾਂ ਵੱਲੋਂ ਸਲੋਹ ਰੋਡ ਸੂਏ ਦੇ ਕੰਢੇ ਸਥਿਤ ਮਿਉਂਸਪਲ ਪਾਰਕ ਵਿਖੇ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ ਗਏ। ਇਸ ਨੇਕ ਕਾਰਜ ਨੂੰ ਪੂਰਾ ਕਰਨ ਲਈ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਕੁਲਦੀਪ ਕੁਮਾਰ, ਅਰੁਣ ਬਾਲੀ, ਪਰਮਜੀਤ ਕਰੜਾ,ਸਤਪਾਲ ਸ਼ਰਮਾਂ, ਸੁਰਿੰਦਰ ਪਾਲ, ਰੇਸ਼ਮ ਸਿੰਘ ਅਤੇ ਧਰਮਪਾਲ ਬਾਲੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!