ਨਵਾਂਸ਼ਹਿਰ:30 ਜੁਲਾਈ (ਹਰਿੰਦਰ ਸਿੰਘ) 19 ਵੀ ਰਾਸ਼ਟਰ ਪੱਧਰੀ ਕਰਾਟੇ ਚੈਂਪੀਅਨਸ਼ਿਪ ਜ਼ਿਲ੍ਹਾ ਕਪੂਰਥਲਾ ਦੇ ਕੰਨਿਆ ਕਾਲਜ ਵਿਖੇ ਮਿਤੀ 26 ਅਤੇ 27 ਜੁਲਾਈ ਨੂੰ ਕਰਵਾਈ ਗਈ। ਜਿਸ ਵਿੱਚ ਪੂਰੇ ਭਾਰਤ ਵਿੱਚੋਂ ਕੁੱਲ 447 ਖਿਡਾਰੀਆਂ ਨੇ ਭਾਗ ਲਿਆ। ਜੇਤੂਆਂ ਵਿੱਚ ਪਹਿਲੇ ਸਥਾਨ ਤੇ ਹਰਿਆਣਾ, ਦੂਜੇ ਸਥਾਨ ਤੇ ਜੰਮੂ ਤੇ ਕਸ਼ਮੀਰ, ਤੀਸਰਾ ਤੇ ਚੌਥੇ ਸਥਾਨ ਤੇ ਪੰਜਾਬ, ਪੰਜਵਾਂ ਰਾਜਸਥਾਨ, ਛੇਵਾਂ ਅਸਾਮ ਤੇ ਸੱਤਵਾਂ ਸਥਾਨ ਦਿੱਲੀ ਨੇ ਹਾਸਲ ਕੀਤਾ। ਇਸ ਚੈਂਪੀਅਨ ਵਿੱਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੀਆਂ ਵਿਦਿਆਰਥਣਾਂ ਨੇ ਆਪਣੇ ਕਰਤੱਵ ਦਿਖਾ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ। ਖਿਡਾਰਨਾ ਦੇ ਕੋਚ ਰਾਮ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਸਾਲਾ ਉਮਰ ਗੁੱਟ ਤੇ 50 ਕਿੱਲੋ ਭਾਰ ਵਰਗ ਵਿੱਚ ਬੇਟੀ ਮਨੀਸ਼ਾ ਨੇ ਗੋਲਡ ਮੈਡਲ ਜਿੱਤਿਆ, ਇਸੇ ਤਰ੍ਹਾਂ ਸ਼ਰਨਦੀਪ ਕੌਰ ਤੇ ਸਲੋਨੀ 15 ਸਾਲ ਉਮਰ ਗੁੱਟ ਅਧੀਨ ਖੇਡ ਕੇ ਸਿਲਵਰ ਮੈਡਲ,ਚੌਥੀ ਖਿਡਾਰਣ ਬਿਸ਼ਾਖਾ ਨੇ 12 ਸਾਲ ਉਮਰ ਵਰਗ ਹੇਠ ਖੇਡ ਕੇ ਬਰਾਊਨ ਮੈਡਮ ਹਾਸਲ ਕੀਤਾ। ਬਲੈਕ ਬੈਲਟ ਹਾਸਲ ਅਤੇ ਯੂ ਐਸ ਏ ਅੰਤਰਰਾਸ਼ਟਰੀ ਗੋਲਡ ਮੈਡਲ ਪ੍ਰਾਪਤ ਕੋਚ ਰਾਮ ਕੁਮਾਰ ਦੀ ਅਗਵਾਈ ਹੇਠ ਖੇਡ ਕੇ ਆਈਆਂ ਵਿਦਿਆਰਥਣਾਂ ਨੂੰ ਸੰਸਥਾ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸਤਿੰਦਰ ਪਾਲ ਅਗਨੀ ਪੋਤਰੀ ਨੇ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਡਾਕਟਰ ਅਗਨੀਹੋਤਰੀ ਨੇ ਵਿਦਿਆਰਥਣਾਂ ਨੂੰ ਜਿੱਥੇ ਆਪਣੇ ਸਕੂਲ, ਜਿਲ੍ਹੇ ਅਤੇ ਸੋਹਣੇ ਸੂਬੇ ਪੰਜਾਬ ਦਾ ਨਾਮ ਰੋਸ਼ਨ ਕਰਨ ਦੀ ਵਧਾਈ ਦਿੱਤੀ,ਉੱਥੇ ਹੀ ਉਨ੍ਹਾਂ ਨੂੰ ਚੰਗੀ ਵਿੱਦਿਆ ਹਾਸਲ ਕਰਕੇ ਵਧੀਆ ਮੁਕਾਮ ਤੇ ਪਹੁੰਚਣ ਦਾ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਤੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ।




