ਬੜਵਾ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ”ਮਧਾਣੀਆਂ,ਛੱਜ,ਚਰਖੇ,ਚਾਟੀਆਂ, ਪੱਖੀਆਂ ਆਦਿ ਪੁਰਾਤਨ ਵਿਰਸੇ ਦੀਆਂ ਝਲਕੀਆਂ ਕੀਤੀਆਂ ਪੇਸ਼

ਨਵਾਂ ਸ਼ਹਿਰ,08 ਅਗਸਤ (ਹਰਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਮਾਰਟ ਸਕੂਲ ਬੜਵਾ ਵਿਖੇ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ,ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਡੀ ਸੀ ਬੀ ਬੈਂਕ, ਨਵਾਂ ਸ਼ਹਿਰ ਦੇ ਸਹਿਯੋਗ ਨਾਲ ਕਰਵਾਇਆ ‘ਤੀਆਂ ਤੀਜ ਦੀਆਂ ਮੇਲਾ’ ਇਲਾਕੇ ਵਿੱਚ ਆਪਣੀ ਅਮਿੱਟ ਛਾਪ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸਪੰਨ ਹੋਇਆ।ਇਸ ਮੇਲੇ ਵਿੱਚ ਪਿੰਡ ਦੀਆਂ ਬਜ਼ੁਰਗ ਮਾਤਾਵਾਂ ਵਲੋਂ ਪੁਰਾਤਨ ਵਿਰਸੇ ਨੂੰ ਜੋੜਦੀਆਂ ਬੋਲੀਆਂ ਪਾ ਕੇ ਜਿੱਥੇ ਰੌਣਕਾਂ ਲਾਈਆਂ ਉੱਥੇ ਨਾਲ ਹੀ ਸਕੂਲੀ ਬੱਚੀਆਂ ਤੋਂ ਇਲਾਵਾ ਪਿੰਡ ਦੀਆਂ ਨਵ ਵਿਆਹੀਆਂ ਮੁਟਿਆਰਾ ਅਤੇ ਔਰਤਾਂ ਵਲੋਂ ਲੰਬੇ ਅਰਸੇ ਬਾਅਦ ਪੰਜਾਬ ਦੇ ਪੁਰਾਣੇ ਵਿਰਸੇ ਨਾਲ ਜੁੜ ਕੇ ਗਿੱਧੇ, ਕਿੱਕਲੀ ਅਤੇ ਸੰਮੀ ਨਾਲ ਖੂਬ ਧਮਾਲਾਂ ਪਾਈਆਂ ਅਤੇ ਪੁਰਾਣੇ ਵਿਰਸੇ ਦਾ ਮਾਣ ਮਹਿਸੂਸ ਕੀਤਾ। ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਗੁਰਪਾਲ ਸਿੰਘ ਮੈਨੇਜ਼ਰ ਡੀ ਸੀ ਬੀ ਬੈਂਕ ਨੇ ਦੱਸਿਆ ਕਿ ਕਰੀਬ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਹਰੇਕ ਪਿੰਡ ਵਿੱਚ ਤੀਆਂ ਦੇ ਮੇਲੇ ਦੀ ਧਮਕ ਦੇਖਣ ਨੂੰ ਮਿਲਦੀ ਸੀ,ਜੋ ਕਿ ਸਮੇਂ ਦੀ ਕਰਵਟ ਦੇ ਨਾਲ-ਨਾਲ ਅਲੋਪ ਹੋ ਗਈ। ਪਹਿਲਾਂ ਪਿੰਡਾਂ ਦੀਆਂ ਸੱਥਾਂ ਵਿੱਚ ਬੋਹੜਾਂ ਅਤੇ ਪਿੱਪਲਾਂ ਤੇ ਪੀਘਾਂ ਪਾਕੇ ਪਿੰਡ ਦੀਆਂ ਧੀਆਂ,ਵਹੁਟੀਆਂ, ਭੈਣਾਂ ਤੇ ਬਜ਼ੁਰਗ ਬੀਬੀਆਂ ਆਪਸੀ ਭਾਈਚਾਰਿਕ ਸਾਂਝ ਨੂੰ ਮਜਬੂਤ ਕਰਨ ਲਈ ਅਤੇ ਮਾਨਸਿਕ ਤਨਾਅ ਨੂੰ ਘੱਟ ਕਰਨ ਲਈ ਰਾਤ ਦੇ ਇੱਕਠੀਆਂ ਹੋਕੇ ਪੀਘਾਂ ਝੂਟ ਦੀਆਂ ਅਤੇ ਬੋਲੀਆਂ ਪਾਕੇ ਆਪਣੇ ਮਨ ਦੇ ਉਬਾਲ ਬਾਹਰ ਕੱਢਦੀਆਂ ਸਨ,ਜੋ ਕਿ ਹੁਣ ਮਸ਼ੀਨੀ ਯੁੱਗ ਅਤੇ ਤੇਜ਼ ਰਫ਼ਤਾਰੀ ਜ਼ਿੰਦਗੀ ਨੇ ਖ਼ਤਮ ਕਰ ਦਿੱਤਾ। ਸਕੂਲ ਦਾ ਸਟਾਫ਼ ਅਤੇ ਪਿੰਡ ਨਿਵਾਸੀ ਇਸ ਲਈ ਵਧਾਈ ਦੇ ਪਾਤਰ ਹਨ,ਜ਼ਿਨ੍ਹਾ ਨੇ ਇਸ ਪੁਰਾਤਨ ਵਿਲਸੇ ਨੂੰ ਦੁਬਾਰਾ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਹੈ।
ਇਸ ਮੌਕੇ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਤੀਜ਼ ਦਾ ਤਿਉਹਾਰ ਖਾਸ ਕਰਕੇ ਹਰਿਆਲੀ ਤੀਜ਼ ਉੱਤਰ ਭਾਰਤ ਵਿੱਚ ਮਹਿਲਾਵਾਂ ਵਲੋਂ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਤਿਉਹਾਰ ਹੈ। ਇਹ ਤਿਉਹਾਰ ਮਾਨਸੂਨ ਦੇ ਮੌਸਮ ‘ਚ ਆਉਣ ਦਾ ਪ੍ਰਤੀਕ ਹੈ ਅਤੇ ਭਗਵਾਨ ਸ਼ਿਵ ਅਤੇ ਪਾਰਬਤੀ ਦੇ ਪੁਨਰ ਮਿਲਨ ਦਾ ਜਸ਼ਨ ਮਨਾਉਂਦਾ ਹੈ। ਤੀਜ਼ ਵਿਆਹੁਤਾ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਜੋ ਕਿ ਆਪਣੇ ਪਤੀ ਦੀ ਲੰਮੀ ਉਮਰ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਲਈ ਵਰਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪ੍ਰਕਤੀ ਦੀ ਸੁੰਦਰਤਾ,ਤਾਜ਼ਗੀ ਅਤੇ ਜੀਵਨ ਵਿੱਚ ਹਰਿਆਲੀ ਲਿਆਉਣ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਹਰ ਭਾਰਤੀ ਤਿਉਹਾਰ ਕੋਈ ਨਾ ਕੋਈ ਸ਼ੰਦੇਸ਼ ਦਿੰਦਾ ਹੈ। ਭਾਰਤੀ ਤਿਉਹਾਰ ਆਪਸੀ ਏਕਤਾ, ਸਦਭਾਵਨਾ ਅਤੇ ਸਹਿਯੋਗ ਪੈਦਾ ਕਰਨ ਵਿੱਚ ਸਹਾਇਕ ਬਣਦੇ ਹਨ। ਹਰ ਸਾਲ ਮੁਟਿਆਰਾਂ ਨੂੰ ਸਾਵਣ ਮਹੀਨੇ ਦਾ ਇੰਤਜ਼ਾਰ ਰਹਿੰਦਾ ਹੈ।ਇਸ ਮੌਕੇ ਔਰਤਾਂ ਅਤੇ ਬਜ਼ੁਰਗ ਬੀਬੀਆਂ ਵਲੋਂ ਚਰਖਾ ਕੱਤਿਆ ਅਤੇ ਤੰਦ ਪਾਏ ਗਏ। ਬੱਚੀਆਂ ਅਤੇ ਮੁਟਿਆਰਾਂ ਨੇ ਗਿੱਧਾ,ਕਿੱਕਲੀ ਅਤੇ ਸੰਮੀ ਪਾਕੇ ਧਮਾਲਾਂ ਪਾਈਆਂ। ਗਿੱਧੇ ਵਿੱਚ ਛੱਜ ਤੋੜਿਆ ਗਿਆ ਅਤੇ ਜਾਗੋ ਕੱਢੀ ਗਈ। ਪੰਜਾਬ ਦੇ ਪੁਰਾਤਨ ਵਿਰਸ਼ੇ ਨੂੰ ਦਰਸਾਉਂਦਾ ਸਮਾਨ ਚਰਖੇ,ਮਧਾਣੀਆਂ,ਹੱਥ ਚੱਕੀ,ਪੱਖੀਆਂ,ਗਲੋਟੇ,ਗੋਹਲੇ,ਚਾਟੀਆਂ,ਛੰਨੇ,ਗੜਬੀਆਂ,ਹੱਥ ਨਾਲ ਕੱਢੀਆਂ ਬੂਟੀਆਂ ਵਾਲੀਆਂ ਚਾਦਰਾਂ,ਅਲਗੋਜੇ ਆਦਿ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ । ਸਕੂਲ ਸਟਾਫ਼ ਵਲੋਂ ਤਿਆਰ ਕੀਤੇ ਵਿਰਾਸਤੀ ਤੀਆਂ ਦੇ ਮੌਕੇ ਦੇ ਵਿਸ਼ੇਸ਼ ਪਕਵਾਨ ‘ਮਾਲ-ਪੂੜੇ ਅਤੇ ਖੀਰ’ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਗੁਰਦਿਆਲ ਮਾਨ ਨੇ ਬਾਖੂਬ ਨਿਭਾਈ।ਅਖੀਰ ਵਿੱਚ ਸਕੂਲ ਮੁੱਖੀ ਦਵਿੰਦਰ ਸਿੰਘ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ। ਪਿੰਡ ਦੀਆਂ ਸਾਰੀਆਂ ਲੜਕੀਆਂ ਨੂੰ ਸਨਮਾਨ ਵਜੋਂ ਤੀਆਂ ਦਾ ਖਾਸ ਪਹਿਰਾਵਾ ਫੁਲਕਾਰੀਆਂ ਭੇਂਟ ਕੀਤੀਆਂ ਗਈਆ। ਇਸ ਮੌਕੇ ਸਤਨਾਮ ਸਿੰਘ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ,ਬਲਜਿੰਦਰ ਸਿੰਘ ,ਸੱਤਪਾਲ,ਦੀਪਕ ਕੁਮਾਰ, ਸੁਖਜਿੰਦਰ ਸਿੰਘ,ਪੰਕਜ਼ ਕਸ਼ਯਪ, ਦਲਵਿੰਦਰ ਸਿੰਘ, ਪਰਮਜੀਥ, ਜਸਵਿੰਦਰ ਕੌਰ,ਪਰਮਜੀਤ ਰਾਣੀ,ਰਾਜਵਿੰਦਰ ਕੌਰ, ਕਮਲਜੀਤ ਕੌਰ, ਲਖਵਿੰਦਰ ਕੌਰ, ਨੀਤੂ, ਜਤਿੰਦਰ ਕੌਰ, ਮਨਪ੍ਰੀਤ ਕੌਰ,ਹਰਵਿੰਦਰ ਕੌਰ,ਸੁਖਵਿੰਦਰ ਕੌਰ,ਸ਼ਬਨਮ ਸੈਣੀ, ਰਮਨਦੀਪ ਅਤੇ ਰਜਨੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!