ਜ਼ਿਲ੍ਹਾ ਨਵਾਂਸ਼ਹਿਰ 26 ਅਗਸਤ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਲਖਬੀਰ ਸਿੰਘ ਨੇ ਅੱਜ ਜ਼ਿਲ੍ਹਾ ਪੱਧਰੀ ਇੰਨਡੋਰ ਖੇਡਾਂ ਦਾ ਰਸਮੀ ਉਦਘਾਟਨ ਜੇ.ਐਸ.ਐਫ.ਐਚ ਖਾਲਸਾ ਸਕੂਲ ਨਵਾਂ ਸ਼ਹਿਰ ਵਿਖੇ ਕੀਤਾ! ਉਦਘਾਟਨ ਦੌਰਾਨ ਅਧਿਕਾਰੀ ਲਖਬੀਰ ਸਿੰਘ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਦਿਆਰਥੀ ਜੀਵਨ ਦਾ ਅਨਿਖੜਵਾਂ ਅੰਗ ਹਨ ਅਤੇ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਰੀਰਕ ਕਸਰਤ ਕਰਨ ਦੇ ਨਾਲ ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ਤਾਂ ਕਿ ਅਸੀਂ ਤੰਦਰੁਸਤ ਅਤੇ ਨਰੋਆ ਪੰਜਾਬ ਸਿਰਜਣ ਵਿੱਚ ਆਪਣਾ ਸਹਿਯੋਗ ਦੇ ਸਕੀਏ।ਜਿਸ ਵਿੱਚ ਵੱਖ ਵੱਖ ਸਕੂਲਾਂ ਤੋਂ ਆਈਆਂ ਲੜਕੀਆਂ ਦੇ ਸ਼ਤਰੰਜ ਮੁਕਾਬਲੇ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਗਏ। ਜਾਣਕਾਰੀ ਦਿੰਦੇ ਹੋਏ ਜਸਵੀਰ ਕੌਰ ਪੀਟੀਆਈ ਨੇ ਦੱਸਿਆ ਕਿ ਕਰੀਬ 15 ਤੋਂ 20 ਸਕੂਲਾਂ ਦੇ ਲੜਕੀਆਂ ਟੀਮਾਂ ਸ਼ਤਰੰਜ ਦੇ ਮੈਚ ਖੇਡਣ ਲਈ ਅੱਜ ਰਜਿਸਟਰ ਹੋਈਆਂ ਜਿਨਾਂ ਦੇ ਮੁਕਾਬਲੇ ਨਿਰਪੱਖ ਤੌਰ ਤੇ ਕਰਵਾਏ ਜਾਣਗੇ।ਇਸ ਤੋਂ ਇਲਾਵਾ ਅੱਜ ਕੇਵਲ ਲੜਕੀਆਂ ਦੇ ਟੇਬਲ ਟੈਨਿਸ ਇੰਨਡੋਰ ਖੇਡ ਮੁਕਾਬਲੇ ਬਾਬਾ ਵਜ਼ੀਰ ਸਕੂਲ ਸਲੋਹ ਰੋਡ ਨਵਾਂਸ਼ਹਿਰ ਵਿਖੇ ਕਰਵਾਏ ਜਾਣਗੇ। ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ ਸਿ) ਲਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਦੋਨਾਂ ਖੇਡਾਂ ਤੋਂ ਇਲਾਵਾ ਬਾਕੀ ਰਹਿੰਦੇ ਮੈਚ ਭਾਰੀ ਬਾਰਿਸ਼ ਕਾਰਨ ਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੇ ਗਏ ਹਨ ਜਿਨ੍ਹਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਮੁੜ ਤੇ ਜਲਦ ਕੀਤਾ ਜਾਵੇਗਾ। ਖੇਡ ਕੁ ਆਰਡੀਨੇਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਡਮਿੰਟਨ ਦੇ ਇਨਡੋਰ ਸਟੇਡੀਅਮ ਦੀ ਛੱਤ ਦੀ ਹਾਲਤ ਖਸਤਾ ਹੋਣ ਕਾਰਨ ਹਾਲ ਦੀ ਘੜੀ ਬੈਡਮਿੰਟਨ ਦੇ ਸਾਰੇ ਮੈਚ ਵੀ ਮੁਲਤਵੀ ਕੀਤੇ ਗਏ। ਸਿੱਖਿਆ ਅਧਿਕਾਰੀ ਲਖਬੀਰ ਸਿੰਘ ਵੱਲੋਂ ਸਕੂਲ ਮੁਖੀਆਂ ਤੇ ਬਾਕੀ ਸਰੀਰਕ ਸਿੱਖਿਆ ਸਟਾਫ ਨੂੰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਗਿਆ।ਇਸ ਮੌਕੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਜ਼ਿਲ੍ਹੇ ਦੇ ਵੱਖ-ਵੱਖ ਸਰੀਰਕ ਸਿੱਖਿਆ ਅਧਿਆਪਕ ਅਤੇ ਵੱਖ-ਵੱਖ ਸਕੂਲਾਂ ਦੇ ਮੁਖੀ ਹਾਜਰ ਸਨ।
