ਗਾਜ਼ਾ ਵਾਸੀਆਂ ਦੀ ਤਰਾਸਦੀ ਬਿਆਨ ਕਰਦੀ ਕਾਵਿ ਪੁਸਤਕ ‘ ‘ ਮੈਂ ਗਾਜ਼ਾ ਕਹਿਨਾ ‘ ਦੀਆਂ ਕਾਪੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪੀਆਂ

ਨਵਾਂਸ਼ਹਿਰ 14 ਸਤੰਬਰ (ਹਰਵਿੰਦਰ ਸਿੰਘ) ਇਜਰਾਇਲ ਵਲੋਂ ਫਲਸਤੀਨ ਦੇ ਖਿੱਤੇ ਗਾਜ਼ਾ ਪੱਟੀ ਉੱਤੇ ਢਾਹੇ ਜਾ ਰਹੇ ਕਹਿਰ ਅਤੇ ਫਲਸਤੀਨੀਆਂ ਦੀ ਦਿਲ ਕੰਬਾਊ ਹਾਲਤ ਨੂੰ ਸੁਹਜਮਈ ਕਵਿਤਾਵਾਂ ਰਾਹੀਂ ਵਰਨਣ ਕਰਦੀ ਪੁਸਤਕ ‘ਮੈੰ ਗਾਜ਼ਾ ਕਹਿਨਾ’ ਸਾਹਿਤਕ ਅਤੇ ਸੱਭਿਆਚਾਰਕ ਮੰਚ ਅਦਾਰਾ ‘ਪਰਵਾਜ਼ ਪੰਜਾਬ ‘ ਵਲੋਂ ਸੰਪਾਦਿਤ ਕੀਤੀ ਗਈ ਹੈ।ਇਸ ਕਾਵਿ ਸੰਗ੍ਰਹਿ ਵਿਚ ਵੱਖ ਵੱਖ ਕਵੀਆਂ ਦੀਆਂ ਕਵਿਤਾਵਾਂ ਹਨ।ਅਦਾਰਾ ‘ਪਰਵਾਜ਼ ਪੰਜਾਬ’ ਦੇ ਮੈਂਬਰ ਜਸਬੀਰ ਦੀਪ ਨੇ ਅੱਜ ਇਸ ਕਾਵਿ ਸੰਗ੍ਰਹਿ ਦੀਆਂ ਕਾਪੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸੌਪੀਆਂ।ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਜਸਬੀਰ ਦੀਪ ਨੇ ਕਿਹਾ ਕਿ
ਸਾਹਿਤ ਹਰ ਹਾਲਾਤਾਂ ਵਿਚ ਉਗਮਦਾ ਹੈ ਅਤੇ ਵਿਕਾਸ ਕਰਦਾ ਹੈ ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ।ਜੇਕਰ ਮਨੁੱਖਤਾ ਜਖਮੀ ਹੈ ਤਾਂ ਸਾਹਿਤ ਉਹਨਾਂ ਦੇ ਜਖ਼ਮਾਂ ਉੱਤੇ ਮਲ੍ਹਮ ਦੇ ਫਹੇ ਧਰਦਾ ਹੈ।ਸੱਚ ਦਾ ਵਿਖਿਆਨ ਕਰਦਾ ਹੈ।ਇਹ ਹਰ ਤਰ੍ਹਾਂ ਦੀਆਂ ਸੀਮਾਵਾਂ ਉਲੰਘਕੇ ਮਨੁੱਖਤਾ ਦੀ ਗੱਲ ਕਰਦਾ ਹੈ।ਅੱਜ ਜਦੋਂ ਫਲਸਤੀਨ ਦੀ ਧਰਤੀ ਉੱਤੇ ਇਜ਼ਰਾਈਲ ਦੇ ਜਿਉਨਵਾਦੀ ਹਾਕਮਾਂ ਨੇ ਜ਼ੁਲਮ ਦੀਆਂ ਸੱਭ ਹੱਦਾਂ ਟੱਪਦਿਆਂ ਆਪਣਾ ਖੌਫਨਾਕ ਚਿਹਰਾ ਸਾਹਮਣੇ ਲਿਆਂਦਾ ਹੈ ।ਉਸਦੇ ਨਾਲ ਨਾਲ ਹੀ ਸੰਸਾਰ ਦੀਆਂ ਵੱਖ ਵੱਖ ਭਾਸ਼ਾਵਾਂ ਦੀਆਂ ਜਾਗਦੀਆਂ ਕਲਮਾਂ ਇਸ ਕਹਿਰ ਨੂੰ ਨਕਾਰਦੀਆਂ ਹੋਈਆਂ ਆਪਣੇ ਫਰਜਾਂ ਉੱਤੇ ਪਹਿਰਾ ਦੇ ਰਹੀਆਂ ਹਨ।ਕਹਾਣੀਆਂ ਦੇ ਰੂਪ ਵਿਚ, ਨਾਟਕਾਂ ਦੇ ਰੂਪ ਵਿਚ, ਕਵਿਤਾਵਾਂ ਦੇ ਅੰਦਰ ਵੀ ਸਾਹਿਤ ਦੀ ਹਰ ਵੰਨਗੀ ਦੇ ਵਿਚ।ਇਸੇ ਹੀ ਸੰਸਾਰਕ ਜਿੰਮੇਵਾਰੀ ਨੂੰ ਓਟਦਿਆਂ ਸਾਹਿਤਕ ਅਤੇ ਸੱਭਿਆਚਾਰ ਦੇ ਫਰਜਾਂ ਨੂੰ ਪ੍ਰਣਾਈ ਸੰਸਥਾ ‘ ਪਰਵਾਜ਼ ਪੰਜਾਬ’ ਨੇ ਫਲਸਤੀਨੀਆਂ ਉੱਤੇ ਇਜ਼ਰਾਈਲ ਵਲੋਂ ਢਾਹੇ ਜਾ ਰਹੇ ਕਹਿਰ ਦੀਆਂ ਕਵਿਤਾਵਾਂ ਨੂੰ ਸੰਗ੍ਰਹਿਤ ਕਰਕੇ ਛਾਪਣ ਦਾ ਬੀੜਾ ਚੁੱਕਿਆ ਸੀ।ਜਿਸਨੂੰ ਪੂਰਾ ਕਰਨ ਉੱਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ।
‘ਚਿੰਤਨ ਪ੍ਰਕਾਸ਼ਨ ‘ ਲੁਧਿਆਣਾ ਦੀ ਪ੍ਰਕਾਸ਼ਨਾ ਅਤੇ ਡਾ.ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਦੀ ਸੰਪਾਦਨਾ ਹੇਠ ਕਾਵਿ ਸੰਗ੍ਰਹਿ ਤਿਆਰ ਹੋਇਆ ਹੈ। ਕੋਮਲ ਭਾਵੀ ਕਵਿਤਾਵਾਂ ਦੀ ਇਹ ਪੁਸਤਕ ਤੁਹਾਡੇ ਸੰਵੇਦਨਸ਼ੀਲ ਹੱਥਾਂ ਅਤੇ ਪਾਰਖੂ ਨਜ਼ਰਾਂ ਦੀ ਛੋਹ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਉਡੀਕ ਰਹੀ ਹੈ।ਤੁਸੀਂ ਇਸਨੂੰ ਪੜ੍ਹਨਾ, ਵਿਚਾਰਨਾ ,ਇਸ ਬਾਰੇ ਰਾਏ ਦੇਣਾਂ ਅਤੇ ਦੂਜਿਆਂ ਨੂੰ ਇਸਦਾ ਪਾਠ ਕਰਨ ਲਈ ਪ੍ਰੇਰਨਾ।ਇਹ ਪੁਸਤਕ ਸਾਡੀ ਕੋਮਾਂਤਰੀ ਸਾਹਿਤਕ-ਸੱਭਿਆਚਾਰਕ ਸਾਂਝ ਦੀ
ਨਮੂਨੇ ਦੀ ਅਨੂਠੀ ਮਿਸਾਲ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਐਸ.ਬੀ.ਐਸ ਨਗਰ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਜਿਲਾ ਕਮੇਟੀ ਮੈਂਬਰ ਸੋਹਣ ਸਿੰਘ ਅਟਵਾਲ, ਪੀ.ਐਮ. ਯੂ ਦੇ ਜਿਲਾ ਆਗੂਆਂ ਹਰੀ ਰਾਮ ਰਸੂਲਪੁਰੀ, ਕਮਲਜੀਤ ਸਨਾਵਾ, ਜਮਹੂਰੀ ਅਧਿਕਾਰ ਸਭਾ ਦੇ ਜਿਲਾ ਕਮੇਟੀ ਮੈਂਬਰ ਨਰਿੰਦਰ ਸਿੰਘ ਉੜਾਪੜ, ਇਫਟੂ ਦੇ ਸੂਬਾ ਕਾਰਜਕਾਰੀ ਸਕੱਤਰ ਅਵਤਾਰ ਸਿੰਘ ਤਾਰੀ,ਇਫਟੂ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ
ਪੀ.ਐਸ. ਯੂ ਦੇ ਸੂਬਾ ਵਿੱਤ ਸਕੱਤਰ ਬਲਜੀਤ ਧਰਮਕੋਟੀ ਅਤੇ ਕਿਰਨਜੀਤ ਕੌਰ ਅਤੇ ਹੋਰ ਆਗੂਆਂ ਨੂੰ ਪੁਸਤਕਾਂ ਸੌਪੀਆਂ।
ਕੈਪਸ਼ਨ : ਜਥੇਬੰਦੀਆਂ ਦੇ ਆਗੂਆਂ ਨੂੰ ਕਾਵਿ ਸੰਗ੍ਰਹਿ ਸੌਪਦੇ ਹੋਏ ਜਸਬੀਰ ਦੀਪ।

Leave a Reply

Your email address will not be published. Required fields are marked *

error: Content is protected !!