ਨਵਾਂਸ਼ਹਿਰ 6 ਦਸੰਬਰ (ਹਰਿੰਦਰ ਸਿੰਘ) ਚੰਡੀਗੜ੍ਹ ਰੋਡ ਸਥਿਤ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਅੱਜ ਝੰਡਾ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ ਨੇ ਭਾਰਤ ਦੀਆਂ ਤਿੰਨ ਸੈਨਾਵਾਂ ਜਲ ਸੈਨਾ,ਥਲ ਸੈਨਾ ਅਤੇ ਵਾਯੂ ਸੈਨਾ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਝੰਡਾ ਦਿਵਸ ਸਬੰਧੀ ਦੱਸਿਆ ਕਿ ਹਰ ਸਾਲ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ। ਡਾਕਟਰ ਅਗਨੀਹੋਤਰੀ ਨੇ ਕਿਹਾ ਕਿ ਝੰਡਾ ਦਿਵਸ ਮੌਕੇ ਅਸੀਂ ਆਪਣੀ ਨੇਕ ਕਮਾਈ ਵਿੱਚੋਂ ਕੁਝ ਰਕਮ ਕੱਢ ਕੇ ਭਾਰਤ ਲਈ ਲੜਨ ਵਾਲੇ ਉਨ੍ਹਾਂ ਸ਼ਹੀਦ ਸੁਰੱਖਿਆ ਬਲਾਂ ਅਤੇ ਫੌਜੀ ਜਵਾਨਾ ਦੇ ਪਰਿਵਾਰਾਂ ਦੀ ਮਦਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਦਾਨ ਕੀਤੀ ਰਾਸ਼ੀ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੀਆਂ ਵਿਧਵਾਵਾਂ ਦੇ ਗੁਜਾਰਾ ਬਸਰ ਅਤੇ ਦੇਸ਼ ਦੀਆਂ ਸਰਹੱਦਾਂ ਤੇ ਲੜ ਕੇ ਨਕਾਰਾ ਹੋਏ ਜਵਾਨ ਦੇ ਇਲਾਜ ਤੋਂ ਇਲਾਵਾ ਹੋਰ ਸੁਰੱਖਿਆ ਸੇਵਾਵਾਂ ਲਈ ਵਰਤੀ ਜਾਂਦੀ ਹੈ। ਇਸ ਮੌਕੇ ਤੇ ਸੰਸਥਾ ਵਿੱਚ ਸੇਵਾ ਨਿਭਾ ਰਹੇ ਕੈਂਪਸ ਮੈਨੇਜਰ ਸੂਬੇਦਾਰ ਕੁਲਵਿੰਦਰ ਸਿੰਘ ਅਤੇ ਸੁਰੱਖਿਆ ਗਾਰਡ ਵਜੋਂ ਸੇਵਾ ਨਿਭਾ ਰਹੇ ਲਾਂਸ ਨਾਇਕ ਬਲਜਿੰਦਰ ਸਿੰਘ ਅਤੇ ਹਵਲਦਾਰ ਲਖਵੀਰ ਸਿੰਘ ਨੂੰ ਸੰਸਥਾ ਮੁਖੀ ਵੱਲੋਂ ਸਨਮਾਨ ਚਿੰਨ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਕੈਂਪਸ ਮੈਨੇਜਰ ਕੁਲਵਿੰਦਰ ਸਿੰਘ ਨੇ ਭਾਵੁਕਤਾ ਨਾਲ ਦੱਸਿਆ ਕਿ ਸੰਸਥਾ ਨੇ ਅੱਜ ਸਾਨੂੰ ਸਨਮਾਨ ਦੇ ਸਾਡੇ ਫੌਜ ਦੇ ਸਮੇਂ ਦੀ ਯਾਦ ਤਾਜਾ ਕਰਵਾਈ। ਉਨ੍ਹਾਂ ਬੱਚਿਆਂ ਨੂੰ ਇੱਕ ਵਧੀਆ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਕੁਲਵਿੰਦਰ ਸਿੰਘ ਨੇ ਕਿਹਾ ਕਿ ਤੁਹਾਨੂੰ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਨਮਾਨ ਕਰਦਿਆਂ ਇੱਕ ਵਧੀਆ ਨਾਗਰਿਕ ਬਣਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਕੌਮ ਦੀ ਸੇਵਾ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੰਸਥਾ ਦੇ ਕੁਝ ਅਧਿਆਪਕਾਂ ਨੇ ਕੱਲ੍ਹ ਸਸਸਸ ਮਾਲੇਵਾਲ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿੱਚ ਭਾਗ ਲੈ ਕੇ ਵੱਖ ਵੱਖ ਥੀਮਾਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕੀਤੀਆਂ ਨੂੰ ਵੀ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਸਨਮਾਨ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਜ਼ਿਲ੍ਹਾ ਪੱਧਰੀ ਟੀਚਰ ਫੈਸਟ ਵਿੱਚ ਕੁੱਲ 90 ਅਧਿਆਪਕ ਹਾਜ਼ਰ ਹੋਏ ਅਤੇ ਦਸ ਥੀਮਾਂ ਦੇ ਮੁਕਾਬਲੇ ਕਰਵਾਏ ਗਏ ਸਨ।ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਅਧਿਆਪਕਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਨੇ ਜਿਲੇ ਵਿੱਚੋਂ ਨਾਮਨਾ ਖੱਟ ਕੇ ਸਕੂਲ ਦਾ ਅਤੇ ਆਪਣਾ ਨਾਂ ਰੋਸ਼ਨ ਕੀਤਾ ਇਸੇ ਤਰ੍ਹਾਂ ਆਸ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਰਾਜ ਪੱਧਰ ਤੇ ਵੀ ਚੰਗਾ ਸਥਾਨ ਹਾਸਿਲ ਕਰਨਗੇ। ਕੱਲ ਹੋਏ ਥੀਮ ਰੀਅਲ ਲਾਈਫ ਐਪਲੀਕੇਸ਼ਨ ਆਫ ਸਬਜੈਕਟ ਨਾਲੇਜ ਵਿਚ ਸਾਇੰਸ ਮਾਸਟਰ ਸੁਖਵਿੰਦਰ ਲਾਲ ਨੇ ਪਹਿਲਾ ਸਥਾਨ,ਥੀਮ ਰੀ ਕ੍ਰੀਏਸ਼ਨ ਐਕਟੀਵਿਟੀ ਵੈਦਿਕ ਮੈਥ ਵਿੱਚ ਮੀਨਾ ਰਾਣੀ ਨੇ ਦੂਸਰਾ ਸਥਾਨ ਅਤੇ ਮੈਨੂਅਲ ਗੇਮ/ ਵੀਡੀਓ ਗੇਮ ਫਾਰ ਲਰਨਿੰਗ ਵਿੱਚ ਇੰਦਰਜੀਤ ਲੈਕਚਰਾਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸੰਸਥਾ ਦੇ ਵਿਦਿਆਰਥੀਆਂ ਵੱਲੋਂ ਤਿੰਨਾਂ ਅਧਿਆਪਕਾਂ ਦਾ ਤਾੜੀਆਂ ਦੀ ਗੂੰਜ ਨਾਲ ਸੁਆਗਤ ਕੀਤਾ।






