5,6 ਅਤੇ 7 ਫਰਵਰੀ ਨੂੰ ਆਈ.ਟੀ.ਆਈ ਨਵਾਂਸ਼ਹਿਰ ਵਿਖੇ ਹੋਵੇਗਾ ਪੰਜਾਬ ਸਖੀ ਸ਼ਕਤੀ ਮੇਲਾ – ਸਹਾਇਕ ਕਮਿਸ਼ਨਰ ਜਨਰਲ/ ਅਧਿਕਾਰੀਆਂ ਨੂੰ ਸਮੇਂ ਸਿਰ ਢੁੱਕਵੇਂ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼

ਨਵਾਂਸ਼ਹਿਰ,3 ਫਰਵਰੀ: (ਹਰਿੰਦਰ ਸਿੰਘ)ਪੰਜਾਬ ਸਖੀ ਸ਼ਕਤੀ ਮੇਲਾ 5, 6 ਅਤੇ 7 ਫਰਵਰੀ ਨੂੰ ਸਰਕਾਰੀ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਨੇ ਪੰਜਾਬ ਸਖੀ ਸ਼ਕਤੀ ਮੇਲਾ ਕਰਵਾਉਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਨੇ ਮੇਲੇ ਦੀਆਂ ਤਿਆਰੀਆਂ ਲਈ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਡਿਊਟੀ ਲਗਾਈ ਅਤੇ ਨਿਰਦੇਸ਼ ਦਿੱਤੇ ਕਿ ਸੌਂਪੀ ਗਈ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਮੇਲੇ ਦੀਆਂ ਤਿਆਰੀਆਂ ਦੇ ਸਾਰੇ ਢੁੱਕਵੇਂ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਸਵੈ ਸਹਾਇਤਾ ਸਮੂਹ ਵੱਲੋਂ ਬਣਾਏ ਗਏ ਉਤਪਾਦਨਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਤਾਂ ਕਿ ਉਨ੍ਹਾਂ ਦੇ ਉਤਪਾਦਨਾਂ ਦੀ ਬਿਹਤਰ ਮਾਰਕਟਿੰਗ ਹੋ ਸਕੇ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਆਪਣੇ ਉਤਪਾਦਨ ਵੇਚਣ ਲਈ ਬਿਹਤਰ ਮੰਚ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਜਿੱਥੇ ਸਵੈ ਸਹਾਇਤਾ ਗਰੁੱਪ ਵੱਲੋਂ ਸਟਾਲ ਲਗਾਏ ਜਾਣਗੇ ਉੱਥੇ ਹੀ ਸਬੰਧਤ ਵਿਭਾਗਾਂ ਵੱਲੋਂ ਵੱਖ-ਵੱਖ ਸਟਾਲ ਵੀ ਲਗਾਏ ਜਾਣਗੇ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਤਿੰਨ ਦਿਨਾਂ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਸਵੈ ਸਹਾਇਤਾ ਸਮੂਹ ਵੱਲੋਂ ਬਣਾਏ ਗਏ ਉਤਪਾਦਨ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ, ਉੱਥੇ ਹੀ ਫੂਡ ਸਟਾਲ, ਬੱਚਿਆਂ ਲਈ ਖੇਡ ਗਤੀਵਿਧੀਆਂ ਤੇ ਸੰਸਕ੍ਰਿਤਿਕ ਪ੍ਰੋਗਰਾਮਾਂ ਦੀ ਪ੍ਰਦਰਸ਼ਨੀ ਵੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿੱਚ ਵੱਧ ਤੋਂ ਵੱਧ ਆ ਕੇ ਸਵੈ ਸਹਾਇਤਾ ਸਮੂਹ ਵੱਲੋਂ ਬਣਾਏ ਗਏ ਉਤਪਾਦਨਾਂ ਨੂੰ ਖਰੀਦ ਕਰਕੇ ਬੜਾਵਾ ਦੇਣ ਤਾਂ ਕਿ ਮਹਿਲਾ ਸ਼ਕਤੀਕਰਣ ਨੂੰ ਮਜ਼ਬੂਤੀ ਮਿਲ ਸਕੇ। ਮੀਟਿੰਗ ਵਿੱਚ ਵੱਖ–ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!