ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਖਟਕੜ ਕਲਾਂ ਦਾ ਦੌਰਾ/ਐਸ.ਐਸ.ਪੀ. ਤੁਸ਼ਾਰ ਗੁਪਤਾ ਨੇ ਸੁਰੱਖਿਆ ਪ੍ਰਬੰਧਾਂ ਦੀ ਕੀਤੀ ਸਮੀਖਿਆ

ਨਵਾਂਸ਼ਹਿਰ 6 ਮਾਰਚ:(ਹਰਿੰਦਰ ਸਿੰਘ)ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵੱਲੋਂ 23 ਮਾਰਚ ਨੂੰ ਰਾਜ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇ ਖਟਕੜ ਕਲਾਂ ਵਿਖੇ ਮਨਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਦੌਰਾ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਨਾਲ ਐਸ.ਐਸ.ਪੀ. ਤੁਸ਼ਾਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜ) ਬਲਬੀਰ ਰਾਜ ਸਿੰਘ, ਐਸ.ਡੀ.ਐਮ. ਵਿਪਨ ਭੰਡਾਰੀ, ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਹੈਲੀਪੈਡ ਅਤੇ ਸਮਾਗਮ ਵਾਲੇ ਸਥਾਨ ਦਾ ਨਿਰੀਖਣ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਸੁਰੱਖਿਆ, ਪਾਰਕਿੰਗ, ਬੈਰੀਕੇਡਿੰਗ, ਪੰਡਾਲ, ਸਟੇਜ, ਆਰਜ਼ੀ ਵਾਸ਼ਰੂਮ, ਸਾਫ-ਸਫਾਈ, ਡਾਕਟਰੀ ਸਹਾਇਤਾ, ਸਜਾਵਟ, ਸਾਊਂਡ ਸਿਸਟਮ, ਪੀਣ ਵਾਲੇ ਪਾਣੀ, ਫਾਇਰ ਬ੍ਰਿਗੇਡ, ਨਿਰਵਿਘਨ ਬਿਜਲੀ ਸਪਲਾਈ, ਰਿਫਰੈਸ਼ਮੈਂਟ, ਪ੍ਰਚਾਰ-ਪ੍ਰਸਾਰ ਅਤੇ ਹੋਰਨਾਂ ਪ੍ਰਬੰਧਾਂ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ‘ਤੇ ਐਸ.ਐਸ.ਪੀ. ਤੁਸ਼ਾਰ ਗੁਪਤਾ ਵੱਲੋਂ ਸਮਾਗਮ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਡਿਊਟੀਆਂ ਮਿਹਨਤ, ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦੀ ਤਾਕੀਦ ਕੀਤੀ ਤਾਂ ਜੋ ਇਸ ਸਮਾਗਮ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

Leave a Reply

Your email address will not be published. Required fields are marked *

error: Content is protected !!