ਬਾਬਾ ਸਾਹਿਬ ਦੀ ਸੋਚ ਨੂੰ ਹਰ ਘਰ ਤੱਕ ਪਹੁੰਚਾਉਣਾ ਸਾਡਾ ਮੁੱਖ ਟੀਚਾ: ਡਾਕਟਰ ਨਛੱਤਰ ਪਾਲ

ਬਾਬਾ ਸਾਹਿਬ ਦੀ ਸੋਚ ਨੂੰ ਹਰ ਘਰ ਤੱਕ ਪਹੁੰਚਾਉਣਾ ਸਾਡਾ ਮੁੱਖ ਟੀਚਾ: ਡਾਕਟਰ ਨਛੱਤਰ ਪਾਲ

ਨਵਾਂਸ਼ਹਿਰ 14 ਅਪ੍ਰੈਲ (ਹਰਵਿੰਦਰ ਸਿੰਘ): ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਮੌਕੇ ਨਵਾਂਸ਼ਹਿਰ ਵਿਖੇ ਕਰਵਾਏ ਸਮਾਗਮ ਦੌਰਾਨ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਨਤਮਸਤਕ ਹੁੰਦਿਆਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਪ੍ਰਣ ਲਿਆ ਕਿ ਬਾਬਾ ਸਾਹਿਬ ਦੀ ਸੋਚ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਤਿਆਰ ਕੀਤਾ ਜਾਵੇਗਾ।ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਨਛੱਤਰ ਪਾਲ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਇਸ ਧਰਤੀ ‘ਤੇ ਨਾ ਆਉਂਦੇ ਤਾਂ ਸਾਡਾ ਹਾਲ ਪਸ਼ੂਆਂ ਤੋਂ ਵੀ ਬਦਤਰ ਹੋਣਾ ਸੀ। ਉਨ੍ਹਾਂ ਨੇ ਹੀ ਸਾਨੂੰ ਮਨੁੱਖਤਾਵਾਦੀ ਜੀਵਨ, ਉੱਚ ਪੱਧਰੀ ਸਿੱਖਿਆ ਅਤੇ ਧੀਆਂ-ਭੈਣਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੂਰਾ ਵਿਸ਼ਵ ਇਸ ਰਹਿਬਰ ਦਾ ਰਿਣੀ ਰਹੇਗਾ।ਵਿਧਾਇਕ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਐਕਟ (2008 ਅਮੈਂਡਮੈਂਟ) ‘ਤੇ ਚਰਚਾ ਦੌਰਾਨ ਉਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਮੰਗ ਰੱਖੀ ਹੈ ਕਿ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਅਜਿਹੀਆਂ ਘਿਨਾਉਣੀਆਂ ਹਰਕਤਾਂ ਨੂੰ ਰੋਕਿਆ ਜਾ ਸਕੇ।ਵਿਕਾਸ ਕਾਰਜਾਂ ਬਾਰੇ ਗੱਲ ਕਰਦਿਆਂ ਡਾਕਟਰ ਨਛੱਤਰ ਪਾਲ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਸਨ। ਨਵਾਂਸ਼ਹਿਰ ਵਿਖੇ ਮੈਡੀਕਲ ਕਾਲਜ ਬਣਾਉਣ ਦਾ ਟੈਂਡਰ ਮਈ ਮਹੀਨੇ ਤੱਕ ਲੱਗ ਜਾਵੇਗਾ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਰੇਲਵੇ ਰੋਡ, ਕੁਲਾਮ ਰੋਡ, ਸਲੋਹ ਰੋਡ ਦੀ ਮੁਰੰਮਤ ਅਤੇ ਕੂੜੇ ਵਾਲੇ ਡੰਪ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਉਹ ਵਿਧਾਨ ਸਭਾ ਵਿੱਚ ਆਵਾਜ਼ ਬੁਲੰਦ ਕਰਦੇ ਰਹਿਣਗੇ।ਇਹ ਆਗੂ ਰਹੇ ਮੌਜੂਦਇਸ ਮੌਕੇ ਸਰਬਜੀਤ ਜਾਫਰਪੁਰ ਜ਼ਿਲਾ ਪ੍ਰਧਾਨ ਬਸਪਾ, ਰਸ਼ਪਾਲ ਮਹਾਲੋ, ਕਾਨੂੰਗੋ ਪਲਵਿੰਦਰ ਸੂਦ, ਐਸਡੀਓ ਧਰਮਪਾਲ, ਵਕੀਲ ਰਾਜਕੁਮਾਰ ਮਹੈ, ਰਕੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਮੁਕੇਸ਼ ਬਾਲੀ, ਅਮਰੀਕ ਬੰਗਾ, ਕਸ਼ਮੀਰ ਸਿੰਘ, ਡਾ. ਸਰਬਜੀਤ ਸਲੋਹ, ਸੋਨੂੰ ਲੱਦੜ, ਸਰਪੰਚ ਪਰਸ਼ੋਤਮ ਗੜੀ, ਸਰਪੰਚ ਬਲਜਿੰਦਰ ਭੰਗਲ, ਮੰਗਤ ਰਾਮ ਨੀਲੋਵਾਲ, ਰਘਵੀਰ ਗੜੀ, ਕਮਲ ਵੀਰ ਜੱਸਲ, ਗਿਆਨ ਚੰਦ ਰਾਹੋਂ ਅਤੇ ਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *

error: Content is protected !!