ਪੀ.ਏ.ਯੂ.-ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਕਣਕ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਕੈਂਪ ਲਗਾਇਆ

ਪੀ.ਏ.ਯੂ.-ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਕਣਕ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਕੈਂਪ ਲਗਾਇਆ

ਨਵਾਂਸ਼ਹਿਰ 24 ਅਪ੍ਰੈਲ (ਹਰਿੰਦਰ ਸਿੰਘ) ਪੀ.ਏ.ਯੂ.-ਕੇ.ਵੀ.ਕੇ. ਲੰਗੜੋਆ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਅੱਜ ਪਿੰਡ ਪਰਾਗਪੁਰ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਇਲਾਕੇ ਦੇ 55 ਕਿਸਾਨਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਕਣਕ ਦੀ ਰਹਿੰਦ-ਖੂੰਹਦ ਦੇ ਵਿਗਿਆਨਕ ਪ੍ਰਬੰਧਨ, ਮਿੱਟੀ ਦੀ ਸਿਹਤ ਦੀ ਸੰਭਾਲ ਬਾਰੇ ਦੱਸਿਆ ਗਿਆ । ਇਸ ਮੌਕੇ ਸਥਾਨਕ ਪੰਚਾਇਤਾਂ ਵਲੋਂ ਵਿਕਸਿਤ ਭਾਰਤ” ਦੇ ਸੰਕਲਪ ਨੂੰ ਸਾਕਾਰ ਕਰਨ ਲਈ ਦਿੱਤੇ ਜਾ ਰਹੇ ਸਹਿਯੋਗ ਬਾਰੇ ਵੀ ਦੱਸਿਆ ਗਿਆ । ਇਸ ਕੈਂਪ ਵਿੱਚ ਡਾ. ਜਸਵਿੰਦਰ ਕੁਮਾਰ, ਸਹਾਇਕ ਪ੍ਰੋਫੈਸਰ (ਐਗਰੋਨੋਮੀ) ਨੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਮਸ਼ੀਨਰੀ ਰਾਹੀਂ ਕਣਕ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਵਾਹੁਣ ‘ਤੇ ਜ਼ੋਰ ਦਿੱਤਾ ਜਿਸ ਨਾਲ ਮਿੱਟੀ ਦੇ ਜੈਵਿਕ ਮਾਦੇ ਨੂੰ ਵਧਾਉਣ ਅਤੇ ਜ਼ਮੀਨ ਦੀ ਲੰਬੇ ਸਮੇਂ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਵਿੱਚ ਸਹਾਇਤਾ ਮਿਲਦੀ ਹੈ।ਇਸੇ ਦੌਰਾਨ ਡਾ. ਰਾਜ ਕੁਮਾਰ, ਖੇਤੀ ਪਸਾਰ ਅਫ਼ਸਰ ਨੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਅਪਣਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ – ਨਾਲ ਕਿਸਾਨਾਂ ਦੇ ਹਿੱਤ ਵਿੱਚ ਚੱਲ ਰਹੀਆਂ ਸਰਕਾਰੀ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਖੇਤੀਬਾੜੀ ਅਫ਼ਸਰ ਮੈਡਮ ਜਗਮਨਦੀਪ ਕੌਰ (ਏ.ਡੀ.ਓ.) ਨੇ ਫ਼ਸਲਾਂ ਦੇ ਵਧੀਆ ਝਾੜ ਲਈ ਮਿੱਟੀ ਦੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਡਾ. ਰਾਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਹੋਮ ਸਾਇੰਸ) ਨੇ ਮਿੱਟੀ, ਪਾਣੀ, ਹਵਾ ਅਤੇ ਮਨੁੱਖੀ ਖੁਰਾਕ ਦੀ ਗੁਣਵੱਤਾ ਦੇ ਆਪਸੀ ਸਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਸਿਹਤਮੰਦ ਮਿੱਟੀ ਦੇ ਨਾਲ ਹੀ ਪੌਸ਼ਟਿਕ ਅਤੇ ਸੁਰੱਖਿਅਤ ਅਨਾਜ ਪੈਦਾ ਕੀਤਾ ਜਾ ਸਕਦਾ ਹੈ।ਉਨ੍ਹਾਂ ਜੈਵਿਕ ਖਾਦਾਂ, ਹਰੀ ਖਾਦ ਅਤੇ ਕੰਪੋਸਟ ਦੀ ਵਰਤੋਂ ਖੇਤਾਂ ਵਿੱਚ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।ਕੈਂਪ ਦੇ ਅਖੀਰ ਉਹਨਾਂ ਨੇ ਖੇਤੀਬਾੜੀ ਨੂੰ ਲਾਹੇਵੰਦ ਤਰੀਕੇ ਨਾਲ ਚਲਾਉਣ ਲਈ ਗ੍ਰਾਮ ਪੰਚਾਇਤਾਂ ਦੀ ਮਹੱਤਤਾ ਬਾਰੇ ਵੀ ਦੱਸਿਆ।

Leave a Reply

Your email address will not be published. Required fields are marked *

error: Content is protected !!