ਜ਼ਿਲ੍ਹੇ ਅੰਦਰ ਸ਼ਾਮ 8 ਵਜੇ ਤੋਂ 8:15 ਵਜੇ ਤੱਕ ਬਲੈਕਆਊਟ ਦੌਰਾਨ ਸਫਲਤਾਪੂਰਵਕ ਹੋਈ ਮੌਕ ਡ੍ਰਿਲਡੀਸੀ ਗੁਲਪ੍ਰੀਤ ਸਿੰਘ ਔਲਖ ਨੇ ਲੋਕਾਂ ਦੇ ਸਹਿਯੋਗ ਲਈ ਕੀਤਾ ਧੰਨਵਾਦ; ਕਿਹਾ, ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰੀ ਪਰਖੀ ਗਈ
ਨਵਾਂਸ਼ਹਿਰ 24 ਅਪ੍ਰੈਲ (ਹਰਿੰਦਰ ਸਿੰਘ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ਼ਾਮ 8:00 ਵਜੇ ਤੋਂ 8:15 ਵਜੇ ਤੱਕ ਜ਼ਿਲ੍ਹੇ ਅੰਦਰ ਬਲੈਕਆਊਟ ਕਰਕੇ ਸਿਵਲ ਡਿਫੈਂਸ ਦੀ ਮੌਕ ਡ੍ਰਿਲ ਸਫਲਤਾਪੂਰਵਕ ਕਰਵਾਈ ਗਈ। ਇਸ ਮੌਕ ਡ੍ਰਿਲ ਦਾ ਮਕਸਦ ਕਿਸੇ ਵੀ ਅਪਾਤਕਾਲੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਤਿਆਰੀ ਨੂੰ ਪਰਖਣਾ ਸੀ।ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਠੀਕ 8:00 ਵਜੇ ਸਾਇਰਨ ਵੱਜਣ ਉਪਰੰਤ ਪੂਰੇ ਜ਼ਿਲ੍ਹੇ ਵਿੱਚ 15 ਮਿੰਟ ਲਈ ਬਲੈਕਆਊਟ ਕੀਤਾ ਗਿਆ। ਇਸ ਦੌਰਾਨ ਲੋਕਾਂ ਵੱਲੋਂ ਘਰਾਂ, ਦੁਕਾਨਾਂ ਅਤੇ ਹੋਰ ਅਦਾਰਿਆਂ ਦੀਆਂ ਲਾਈਟਾਂ ਬੰਦ ਰੱਖ ਕੇ ਪੂਰਾ ਸਹਿਯੋਗ ਦਿੱਤਾ ਗਿਆ। 8:15 ਵਜੇ ਦੂਸਰਾ ਸਾਇਰਨ ਵੱਜਣ ਨਾਲ ਬਲੈਕਆਊਟ ਸਮਾਪਤ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਕ ਡ੍ਰਿਲ ਦੌਰਾਨ ਸਿਵਲ ਪ੍ਰਸ਼ਾਸਨ, ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਖੋਜ ਤੇ ਬਚਾਅ ਕਾਰਜ, ਮੁੱਢਲੀ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਅਤੇ ਭੀੜ ਕੰਟਰੋਲ ਦਾ ਅਭਿਆਸ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਵੱਲੋਂ ਮੌਕ ਡ੍ਰਿਲ ਦੌਰਾਨ ਦਿੱਤੇ ਗਏ ਭਰਪੂਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਗਰੂਕਤਾ ਅਤੇ ਸਹਿਯੋਗ ਨਾਲ ਹੀ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਰੁਟੀਨ ਅਭਿਆਸ ਸੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਡ੍ਰਿਲਾਂ ਰਾਹੀਂ ਪ੍ਰਸ਼ਾਸਨ ਦੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।




