ਔੜ ‘ਚ ਨੌਜਵਾਨ ਨਿਸ਼ਾਨ ਸਿੰਘ ‘ਤੇ ਤਾਬੜਤੋੜ 11 ਫ਼ਾਇਰ ਕਰਕੇ ਬੇਰਹਿਮੀ ਨਾਲ ਕਤਲਮ੍ਰਿਤਕ ਨੂੰ ਲੱਗੀਆਂ 7 ਗੋਲੀਆਂ; ਮੋਟਰਸਾਈਕਲ ‘ਤੇ ਆਏ ਅਣਪਛਾਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ
ਨਵਾਂਸ਼ਹਿਰ 30 ਮਈ (ਹਰਿੰਦਰ ਸਿੰਘ): ਹਲਕਾ ਨਵਾਂਸ਼ਹਿਰ ਦੇ ਅਧੀਨ ਆਉਂਦੇ ਕਸਬਾ ਔੜ ਵਿਖੇ ਬੀਤੀ ਰਾਤ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਅਣਪਛਾਤੇ ਹਮਲਾਵਰਾਂ ਵੱਲੋਂ ਨਿਸ਼ਾਨ ਸਿੰਘ ਨਾਮ ਦੇ ਇੱਕ ਨੌਜਵਾਨ ‘ਤੇ ਤਾਬੜਤੋੜ 11 ਫ਼ਾਇਰ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਖ਼ੂਨੀ ਵਾਰਦਾਤ ਦੌਰਾਨ ਨੌਜਵਾਨ ਦੇ ਸਰੀਰ ‘ਤੇ 7 ਗੋਲੀਆਂ ਲੱਗੀਆਂ, ਜਿਸ ਕਾਰਨ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਹੈ।ਸੂਤਰਾ ਮੁਤਾਬਕ ਨਿਸ਼ਾਨ ਸਿੰਘ ਜਦੋਂ ਆਪਣੇ ਘਰ ਜਾ ਰਿਹਾ ਸੀ, ਤਾਂ ਰਸਤੇ ਵਿੱਚ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਥਾਨ ਦੇ ਕੋਲੋਂ ਲੰਘ ਰਹੇ ਇੱਕ ਰਾਹਗੀਰ ਨੇ ਵੱਡਾ ਹੌਸਲਾ ਦਿਖਾਉਂਦਿਆਂ ਖ਼ੂਨ ਨਾਲ ਲੱਥਪੱਥ ਨਿਸ਼ਾਨ ਸਿੰਘ ਨੂੰ ਤੁਰੰਤ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ, ਪਰ ਉੱਥੇ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਦੇ ਸਾਥੀ ਸਮਿੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਸ਼ਾਨ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਫ਼ੋਨ ਆ ਰਹੇ ਸਨ। ਇੰਨਾ ਹੀ ਨਹੀਂ, ਕੁਝ ਮਹੀਨੇ ਪਹਿਲਾਂ ਵੀ ਨਿਸ਼ਾਨ ਸਿੰਘ ‘ਤੇ ਜਿੰਮ ਦੇ ਅੰਦਰ ਜਾਨਲੇਵਾ ਹਮਲਾ ਹੋਇਆ ਸੀ। ਸਮਿੰਦਰ ਮੁਤਾਬਕ ਇਨ੍ਹਾਂ ਧਮਕੀਆਂ ਅਤੇ ਹਮਲੇ ਸਬੰਧੀ ਲਿਖਤੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇੱਕ ਉੱਚ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਗਈ ਸੀ। ਪਰ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਪੁਲਿਸ ਵੱਲੋਂ ਸਮਾਂ ਰਹਿੰਦੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਜਿਸ ਦਾ ਖ਼ਾਮਿਆਜ਼ਾ ਅੱਜ ਨਿਸ਼ਾਨ ਸਿੰਘ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਵਾਰਦਾਤ ਵਾਲੀ ਥਾਂ ‘ਤੇ ਪਹੁੰਚ ਗਈ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ, ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਡੀ.ਐੱਸ.ਪੀ. ਪੰਕਜ ਸ਼ਰਮਾ ਅਤੇ ਐੱਸ.ਪੀ. (ਜਾਂਚ) ਸਰਬਜੀਤ ਸਿੰਘ ਬਾਹੀਆ ਪੁਲਿਸ ਪਾਰਟੀ ਸਮੇਤ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਧੱਕਣ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਲਾਕੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕ ਨਿਸ਼ਾਨ ਸਿੰਘ ਦੇ ਪਰਿਵਾਰ ਵਿੱਚ ਕੋਹਰਾਮ ਮਚਿਆ ਹੋਇਆ ਹੈ। ਪੀੜਤ ਪਰਿਵਾਰ ਨੇ ਰੋਸ ਪ੍ਰਗਟ ਕਰਦਿਆਂ ਦੋ-ਟੁੱਕ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ਜਦੋਂ ਤੱਕ ਨਿਸ਼ਾਨ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਇਲਾਕੇ ਦੇ ਲੋਕਾਂ ਨੇ ਵੀ ਵਧ ਰਹੇ ਅਪਰਾਧਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਫੜਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

