ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਵੱਲੋਂ 15 ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਿਆ
ਨਵਾਂਸ਼ਹਿਰ1ਜੂਨ (ਹਰਿੰਦਰ ਸਿੰਘ) ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ, ਗੁਜਰਪੁਰ ਕਲਾਂ (ਨਵਾਂ ਸ਼ਹਿਰ) ਵੱਲੋਂ ਮਈ ਮਹੀਨੇ ਦੌਰਾਨ ਨਵਾਂ ਸ਼ਹਿਰ, ਬੰਗਾ ਅਤੇ ਰਾਹੋਂ ਖੇਤਰ ਦੇ ਲਗਭਗ 15 ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਗੁਰਮਤਿ ਕੈਂਪ ਸਫਲਤਾਪੂਰਵਕ ਲਗਾਏ ਗਏ। ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਤ-ਮਰਿਆਦਾ ਅਤੇ ਉੱਚੇ ਜੀਵਨ ਮੁੱਲਾਂ ਨਾਲ ਜੋੜਨਾ ਸੀ ਤਾਂ ਜੋ ਵਿਦਿਆਰਥੀ ਆਪਣੇ ਵਿਰਸੇ ਅਤੇ ਸਭਿਆਚਾਰ ਨਾਲ ਜੁੜ ਸਕਣ।ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਗੁਰਬਾਣੀ ਪਾਠ, ਸਿੱਖ ਇਤਿਹਾਸ, ਸਿੱਖੀ ਦੇ ਬੁਨਿਆਦੀ ਸਿਧਾਂਤ, ਨਸ਼ਿਆਂ ਤੋਂ ਬਚਾਅ, ਚੰਗੇ ਚਰਿੱਤਰ ਦੀ ਉਸਾਰੀ, ਮਾਪਿਆਂ ਅਤੇ ਅਧਿਆਪਕਾਂ ਦੇ ਸਤਿਕਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਇਨ੍ਹਾਂ ਕੈਂਪਾਂ ਵਿੱਚ ਭਾਗ ਲਿਆ ਅਤੇ ਗੁਰਮਤਿ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ।ਇਨ੍ਹਾਂ ਕੈਂਪਾਂ ਵਿੱਚ ਪ੍ਰਚਾਰ ਦੀ ਸੇਵਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੀ ਪ੍ਰਚਾਰਕ ਟੀਮ ਵੱਲੋਂ ਨਿਭਾਈ ਗਈ। ਪ੍ਰਚਾਰਕ ਟੀਮ ਦੀ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ, ਗੁਜਰਪੁਰ ਕਲਾਂ ਦੇ ਮੁੱਖ ਪ੍ਰਚਾਰਕ ਭਾਈ ਸਿਮਰਪ੍ਰੀਤ ਸਿੰਘ ਜੈਤੋ ਨੇ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨਾਂ ਦੌਰਾਨ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ, ਸਮੇਂ ਦੀ ਕਦਰ ਕਰਨ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਕੇਂਦਰ ਦੇ ਸਮੂਹ ਮੈਂਬਰ ਸਾਹਿਬਾਨ ਨੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ। ਭਾਈ ਜਰਨੈਲ ਸਿੰਘ ਨਵਾਂ ਸ਼ਹਿਰ, ਭਾਈ ਗੁਰਮੀਤ ਸਿੰਘ ਗੁਜਰਪੁਰ, ਭਾਈ ਗੁਰਨੇਕ ਸਿੰਘ, ਭਾਈ ਹਰਮੀਤ ਸਿੰਘ ਗੁਜਰਪੁਰ, ਭਾਈ ਜੋਗਾ ਸਿੰਘ ਐਸ.ਡੀ.ਓ., ਭਾਈ ਬਹਾਦਰ ਸਿੰਘ ਅਤੇ ਭਾਈ ਮਹਿੰਦਰ ਸਿੰਘ ਨੇ ਵੱਖ-ਵੱਖ ਸਕੂਲਾਂ ਨਾਲ ਸੰਪਰਕ ਕਰਨ, ਕੈਂਪਾਂ ਦੀ ਯੋਜਨਾ ਬਣਾਉਣ ਅਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਿਆਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ।ਕੈਂਪਾਂ ਦੇ ਅੰਤ ਵਿੱਚ ਕਈ ਸਕੂਲਾਂ ਵਿੱਚ ਧਾਰਮਿਕ ਪ੍ਰੀਖਿਆਵਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਸਕੂਲ ਮੁਖੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਨੈਤਿਕ, ਧਾਰਮਿਕ ਅਤੇ ਸਮਾਜਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਕੇਂਦਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ, ਗੁਜਰਪੁਰ ਕਲਾਂ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਗੁਰਮਤ ਨਾਲ ਜੋੜਨਾ ਹੈ। ਇਸੇ ਉਦੇਸ਼ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਵੀ ਵੱਖ-ਵੱਖ ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚ ਗੁਰਮਤਿ ਕੈਂਪ, ਸੈਮੀਨਾਰ ਅਤੇ ਧਾਰਮਿਕ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ।



