ਵਾਤਾਵਰਣ ਸੰਭਾਲ ਸੁਸਾਇਟੀ ਨੇ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
ਨਵਾਂਸ਼ਹਿਰ 05 ਜੂਨ (ਹਰਿੰਦਰ ਸਿੰਘ) ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਵਾਤਾਵਰਣ ਸੰਭਾਲ ਸੋਸਾਇਟੀ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੁੱਖ ਇੰਜੀਨੀਅਰ ਦਫ਼ਤਰ ਵਿਖੇ ਵੱਖ-ਵੱਖ ਕਿਸਮਾਂ ਦੇ 11 ਬੂਟੇ ਲਗਾਏ ਗਏ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜਨ ਅਰੋੜਾ ਨੇ ਦਿਨੋਂ ਦਿਨ ਵਧ ਰਹੀ ਧਰਤੀ ਦੀ ਤਪਸ਼ ਦੇ ਕਾਰਨਾਂ ਵਾਰੇ ਜਾਣੂ ਕਰਵਾਇਆ ਅਤੇ ਇਸ ਤੋਂ ਬਚਾਅ ਲਈ ਵਧ ਤੋਂ ਵਧ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ। ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵਲੋਂ 1972 ਵਿੱਚ ਸਟਾਕਹੋਮ ਵਿਖੇ ਆਯੋਜਿਤ ਬੈਠਕ ਵਿੱਚ ਕੀਤੀ ਗਈ ਸੀ। ਇਸ ਸਾਲ ਦਾ ਥੀਮ ਪ੍ਰਕਿਰਤੀ ਤੋਂ ਪ੍ਰੇਰਿਤ। ਜਲਵਾਯੂ ਲਈ ਅਤੇ ਸਾਡੇ ਭਵਿੱਖ ਲਈ ਹੈ। ਇਸ ਦੇ ਗਲੋਬਲ ਸਮਾਗਮਾਂ ਦੀ ਮੇਜ਼ਬਾਨੀ ਅਜ਼ਰਬਾਈਜਾਨ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਮੁੱਖ ਪਹਿਲੂ ਧਰਤੀ ਦੀ ਸੰਭਾਲ, ਜਲਵਾਯੂ ਤਬਦੀਲੀ, ਪ੍ਰਦੂਸ਼ਣ ਨੂੰ ਘਟਾਉਣਾ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣਾ ਹੈ। ਉੱਪ ਮੁੱਖ ਇੰਜੀਨੀਅਰ ਪਵਨ ਕੁਮਾਰ ਨੇ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਤੀ ਸਾਡਾ ਇਕਲੌਤਾ ਘਰ ਹੈ। ਇਸ ਉਪਰ ਜੀਵਨ ਜੀਣ ਲਈ ਸਾਫ-ਸੁਥਰਾ ਵਾਤਾਵਰਣ ਹੋਣਾ ਜਰੂਰੀ ਹੈ। ਵਾਤਾਵਰਣ ਨੂੰ ਬਚਾਉਣ ਲਈ ਸਕੂਲਾਂ, ਕਾਲਜਾਂ ਅਤੇ ਵੱਖ -ਵੱਖ ਸੰਸਥਾਵਾਂ ਵਿੱਚ ਰੁੱਖ ਲਗਾਉਣ, ਸਫਾਈ ਮੁਹਿੰਮ ਅਤੇ ਜਾਗਰੂਕਤਾ ਰੈਲੀਆਂ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਤੇ ਸੁਸਾਇਟੀ ਵੱਲੋਂ ਉਪ ਮੁੱਖ ਇੰਜੀਨੀਅਰ ਸ਼੍ਰੀ ਪਵਨ ਕੁਮਾਰ ਨੂੰ ਸਨਮਾਨਤ ਕੀਤਾ ਗਿਆ। ਉਨਾਂ ਨੇ ਆਪਣੇ ਸੰਦੇਸ਼ ਵਿੱਚ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਸਿਧਾਂਤ ‘ਤੇ ਚੱਲਦਿਆਂ ਕੁਦਰਤ ਨਾਲ ਜੁੜਨ ਅਤੇ ਇਸ ਨੂੰ ਬਚਾਉਣ ਦਾ ਸੰਦੇਸ਼ ਦੇਣ ਲਈ ਵਾਤਾਵਰਣ ਸੰਭਾਲ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੁਸਾਇਟੀ ਦੇ ਚੇਅਰਮੈਨ ਰਾਜਨ ਅਰੋੜਾ, ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਭਾਈ ਰੇਸ਼ਮ ਸਿੰਘ, ਕੁਲਦੀਪ ਭੂਸ਼ਣ ਅਗਰਵਾਲ, ਰਿਟਾ. ਪ੍ਰਿੰਸੀਪਲ ਅਸ਼ੋਕ ਸ਼ਰਮਾਂ ਅਤੇ ਕਾਰਪੋਰੇਸ਼ਨ ਦੇ ਉਪ ਮੁੱਖ ਇੰਜੀਨੀਅਰ ਪਵਨ ਕੁਮਾਰ, ਵਧੀਕ ਨਿਗਰਾਨ ਇੰਜੀਨੀਅਰ ਸੰਜੀਵ ਮਾਹੀ,ਪੀ ਏ ਅਮਰੀਕ ਚੰਦ, ਕੁਲਵੰਤ ਸਿੰਘ ਜੇ ਈ, ਰਾਜਿੰਦਰ ਕੌਰ ਸੀ ਏ ਸਮੇਤ ਸਮੂਹ ਸਟਾਫ ਹਾਜ਼ਰ ਸਨ।

