ਰਾਸ਼ਟਰੀ ਕਿਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਡੌਲੀ ਦਾ ਸ਼ਾਨਦਾਰ ਪ੍ਰਦਰਸ਼ਨ, ਇਟਲੀ ਲਈ ਹੋਈ ਚੋਣ
ਨਵਾਂਸ਼ਹਿਰ 08 ਜੂਨ (ਹਰਿੰਦਰ ਸਿੰਘ)ਓਡੀਸ਼ਾ ਵਿੱਚ 30 ਮਈ ਤੋਂ 3 ਜੂਨ ਤੱਕ ਹੋਈ ਰਾਸ਼ਟਰੀ ਕਿਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਡੌਲੀ ਨੇ 45 ਕਿਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਾਰਾਸ਼ਟਰ, ਓਡੀਸ਼ਾ ਅਤੇ ਤਮਿਲਨਾਡੂ ਦੀਆਂ ਖਿਡਾਰਨਾਂ ਨੂੰ ਹਰਾਕੇ ਸੋਨੇ ਦਾ ਤਗਮਾ ਜਿੱਤਿਆ। ਇਹ ਚੈਂਪੀਅਨਸ਼ਿਪ 3 ਜੂਨ ਨੂੰ ਸਮਾਪਤ ਹੋਈ ਸੀ। ਇਸ ਦੇ ਨਾਲ ਹੀ ਡੌਲੀ ਨੇ ਇੱਕ ਹੋਰ ਇਵੈਂਟ ਵਿੱਚ ਭਾਗ ਲੈਂਦਿਆਂ ਕਾਂਸੀ ਦਾ ਤਗਮਾ ਵੀ ਆਪਣੇ ਨਾਮ ਕੀਤਾ। ਇਸ ਮੁਕਾਬਲੇ ਦੇ ਕਵਾਰਟਰ ਫਾਈਨਲ ਦੌਰ ਵਿੱਚ ਉਸ ਨੇ ਮਹਾਰਾਸ਼ਟਰ ਅਤੇ ਤਮਿਲਨਾਡੂ ਦੀਆਂ ਮਜ਼ਬੂਤ ਖਿਡਾਰਨਾਂ ਨੂੰ ਹਰਾਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਅਤੇ ਅੰਤ ਵਿੱਚ ਕਾਂਸੀ ਦਾ ਤਗਮਾ ਜਿੱਤਿਆ।ਡੌਲੀ ਦੀ ਇਹ ਪ੍ਰਾਪਤੀ ਉਸ ਦੀ ਲਗਾਤਾਰ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਉਹ ਲਗਾਤਾਰ ਤਿੰਨ ਵਾਰ ਸੋਨੇ ਅਤੇ ਦੋ ਵਾਰ ਕਾਂਸੀ ਦੇ ਤਗਮੇ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੀ ਹੈ।ਡੌਲੀ ਦੀਆਂ ਉਪਲਬਧੀਆਂ ਨੂੰ ਦੇਖਦਿਆਂ ਹੁਣ ਉਸ ਦੀ ਚੋਣ ਇਟਲੀ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਹੋ ਗਈ ਹੈ। ਇਸ ਖ਼ਬਰ ਨਾਲ ਖੇਡ ਜਗਤ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਖੇਡ ਪ੍ਰੇਮੀਆਂ ਨੂੰ ਉਮੀਦ ਹੈ ਕਿ ਡੌਲੀ ਇਟਲੀ ਵਿੱਚ ਵੀ ਭਾਰਤ ਦਾ ਨਾਮ ਰੌਸ਼ਨ ਕਰੇਗੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਵੀਆਂ ਉੱਚਾਈਆਂ ਹਾਸਲ ਕਰੇਗੀ। ਇਸ ਮੌਕੇ ਡੀ ਪੀ ਈ ਜਗਸੀਰ ਸਿੰਘ ਨੇ ਕਿਹਾ ਕਿ ਡੋਲੀ ਇਟਲੀ ਵਿੱਚੋ ਵੀ ਗੋਲਡ ਜਿੱਤ ਕਿ ਲੈਕੇ ਆਵੇਗੀ ਅਸੀ ਹੁਣ ਤੋ ਹੀ ਉਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

