170 ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕੀਤੇ ਦਰਸ਼ਨ ਦੀਦਾਰੇ
ਨਵਾਂਸ਼ਹਿਰ 11 ਜੂਨ (ਹਰਿੰਦਰ ਸਿੰਘ) ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ (ਰਜਿ:), ਨਵਾਂਸ਼ਹਿਰ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਪਵਿੱਤਰ ਯਾਤਰਾ ਬਹੁਤ ਹੀ ਸ਼ਰਧਾ, ਭਾਵਨਾ ਅਤੇ ਚੜ੍ਹਦੀ ਕਲਾ ਨਾਲ ਕਰਵਾਈ ਗਈ। ਇਹ ਧਾਰਮਿਕ ਯਾਤਰਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਖਾਲਸਾ ਅਤੇ ਪ੍ਰਿਤਪਾਲ ਸਿੰਘ ਹਵੇਲੀ ਦੀ ਯੋਗ ਅਗਵਾਈ ਹੋਠ ਸਫ਼ਲ ਰਹੀ, ਜਿਸ ਵਿੱਚ ਲਗਭਗ 170 ਸ਼ਰਧਾਲੂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਮੰਜੀ ਸਾਹਿਬ, ਬੰਗਾ ਰੋਡ, ਨਵਾਂਸ਼ਹਿਰ ਤੋਂ ਰਵਾਨਾ ਹੋਈ ਇਸ ਯਾਤਰਾ ਦੌਰਾਨ ਸੰਗਤਾਂ ਨੇ ਸਭ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਨਾਢਾ ਸਾਹਿਬ, ਸ੍ਰੀ ਪਾਉਂਟਾ ਸਾਹਿਬ, ਰਿਸ਼ੀਕੇਸ਼, ਗੋਬਿੰਦਘਾਟ ਅਤੇ ਗੋਬਿੰਦਧਾਮ ਦੇ ਦਰਸ਼ਨ ਕੀਤੇ ਅਤੇ ਫਿਰ ਬਰਫ਼ੀਲੀਆਂ ਪਹਾੜੀਆਂ ਵਿੱਚ ਸੁਸ਼ੋਭਿਤ ਸਰਵਉੱਚ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਮੱਥਾ ਟੇਕ ਕੇ ਜੀਵਨ ਸਫ਼ਲਾ ਕੀਤਾ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ । ਸਾਰੀਆਂ ਸੰਗਤਾਂ ਨੇ ਬਹੁਤ ਸ਼ਰਧਾ ਭਾਵਨਾ ਨਾਲ ਪਵਿੱਤਰ ਸਥਾਨ ਦੇ ਦਰਸ਼ਨ ਕੀਤੇ, ਸੰਗਤਾਂ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਸੁਸਾਇਟੀ ਵੱਲੋਂ ਕੀਤੇ ਪ੍ਰਬੰਧਾਂ ਅਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ । ਯਾਤਰਾ ਦੀ ਸਫ਼ਲਤਾ ਤੋਂ ਬਾਅਦ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਮਰਜੀਤ ਸਿੰਘ ਖਾਲਸਾ ਅਤੇ ਪ੍ਰਿਤਪਾਲ ਸਿੰਘ ਹਵੇਲੀ ਨੇ ਭਵਿੱਖ ਵਿੱਚ ਸ੍ਰੀ ਹੇਮਕੁੰਟ ਸਾਹਿਬ ਜਾਣ ਦੇ ਇੱਛੁਕ ਸ਼ਰਧਾਲੂਆਂ ਲਈ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੋਬਿੰਦਘਾਟ, ਗੋਬਿੰਦਧਾਮ ਅਤੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਰਹਿਣ ਲਈ ਸਰਾਵਾਂ ਅਤੇ ਦਿਨ-ਰਾਤ ਲੰਗਰਾਂ ਦਾ ਬਹੁਤ ਹੀ ਉੱਤਮ ਤੇ ਮੁਫ਼ਤ ਪ੍ਰਬੰਧ ਹੁੰਦਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਪਹਾੜਾਂ ਵਿੱਚ ਠੰਢ ਬਹੁਤ ਹੁੰਦੀ ਹੈ ਅਤੇ ਮੌਸਮ ਤੇਜ਼ੀ ਨਾਲ ਬਦਲਦਾ ਹੈ, ਇਸ ਲਈ ਸ਼ਰਧਾਲੂ ਆਪਣੇ ਨਾਲ ਮੋਟੇ ਗਰਮ ਕੱਪੜੇ, ਟੋਪੀ, ਦਸਤਾਨੇ ਅਤੇ ਰੇਨਕੋਟ ਲਾਜ਼ਮੀ ਲੈ ਕੇ ਜਾਣ। ਚੜ੍ਹਾਈ ਦੌਰਾਨ ਆਕਸੀਜਨ ਦੀ ਕਮੀ ਹੋਣ ਕਰਕੇ ਸਾਹ ਜਾਂ ਦਿਲ ਦੇ ਮਰੀਜ਼ ਡਾਕਟਰੀ ਸਲਾਹ ਨਾਲ ਯਾਤਰਾ ਕਰਨ ਅਤੇ ਆਪਣੀਆਂ ਦਵਾਈਆਂ ਕੋਲ ਰੱਖਣ। ਉੱਤਰਾਖੰਡ ਸਰਕਾਰ ਦੇ ਨਿਯਮਾਂ ਅਨੁਸਾਰ ਯਾਤਰਾ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ, ਇਸ ਲਈ ਆਪਣਾ ਅਸਲੀ ਆਧਾਰ ਕਾਰਡ ਜਾਂ ਆਈ.ਡੀ. ਕਾਰਡ ਹਮੇਸ਼ਾ ਕੋਲ ਰੱਖਿਆ ਜਾਵੇ। ਭਾਈ ਖਾਲਸਾ ਨੇ ਇਹ ਵੀ ਦੱਸਿਆ ਕਿ ਗੋਬਿੰਦਧਾਮ ਤੋਂ ਅੱਗੇ ਦੀ 6 ਕਿਲੋਮੀਟਰ ਦੀ ਸਖ਼ਤ ਚੜ੍ਹਾਈ ਲਈ ਜੋ ਸੰਗਤਾਂ ਪੈਦਲ ਨਹੀਂ ਚੱਲ ਸਕਦੀਆਂ, ਉਨ੍ਹਾਂ ਲਈ ਉੱਥੇ ਤੈਅ ਕਿਰਾਏ ‘ਤੇ ਘੋੜੇ, ਖੱਚਰ, ਪਾਲਕੀ ਅਤੇ ਹੈਲੀਕਾਪਟਰ ਦੀ ਸਹੂਲਤ ਵੀ ਉਪਲਬਧ ਹੁੰਦੀ ਹੈ। ਇਸ ਪਵਿੱਤਰ ਯਾਤਰਾ ਦੌਰਾਨ ਮੁੱਖ ਤੌਰ ‘ਤੇ ਭਾਈ ਅਮਰਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਵੇਲੀ, ਕਰਮਜੀਤ ਸਿੰਘ ਸੋਢੀ, ਅਮਨਦੀਪ ਸਿੰਘ, ਸੋਹਣ ਸਿੰਘ, ਸ਼ਿੰਗਾਰਾ ਸਿੰਘ, ਬਲਜੀਤ ਕੌਰ, ਕਸ਼ਮੀਰ ਕੌਰ, ਮਨੀਸ਼ ਸਿੰਘ, ਇੰਦਰਜੀਤ ਸਿੰਘ, ਅਵਤਾਰ ਸਿੰਘ, ਰਣਜੀਤ ਕੌਰ, ਬਲਵੀਰ ਸਿੰਘ, ਦਵਿੰਦਰ ਕੌਰ, ਤਰਸੇਮ ਕੌਰ, ਕੁਲਵੰਤ ਕੌਰ, ਦਰਸ਼ਨ ਕੌਰ, ਸੁਰਿੰਦਰ ਕੌਰ, ਹਰਜਿੰਦਰ ਕੌਰ, ਅਮਰਜੀਤ ਕੌਰ, ਹਰਦੀਪ ਕੌਰ, ਬਲਦੇਵ ਸਿੰਘ, ਜਤਿੰਦਰ ਕੌਰ, ਜਸਪ੍ਰੀਤ ਜੋਹਲ, ਸੰਦੀਪ ਕੌਰ, ਕੁਲਦੀਪ ਕੌਰ, ਤਲਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਹਰਮਨਜੀਤ ਸਿੰਘ, ਕਰਨਦੀਪ ਸਿੰਘ, ਬਲਵਿੰਦਰ ਕੁਮਾਰ, ਅਮਨਦੀਪ ਕੌਰ, ਸਰਬਜੀਤ ਸਿੰਘ ਅਤੇ ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

