ਦਰਬਾਰ ਬਾਬਾ ਬੂਟੇ ਸ਼ਾਹ ਗਹੂੰਣ ਵਿਖੇ ਸਾਲਾਨਾ ਜੋੜ ਮੇਲੇ ਵਿੱਚ ਸੂਫ਼ੀ ਗਾਇਕ ਨਿਰਮਲ ਨਿੰਮਾ, ਕਾਲੂ ਸ਼ਾਹਕੋਟੀ ਤੇ ਜੈਸਮੀਨ ਖਾਨ ਅਤੇ ਕੁਲਦੀਪ ਸਲਾਨਾ ਲਗਾਉਣਗੇ ਹਾਜ਼ਰੀ

ਦਰਬਾਰ ਬਾਬਾ ਬੂਟੇ ਸ਼ਾਹ ਗਹੂੰਣ ਵਿਖੇ ਸਾਲਾਨਾ ਜੋੜ ਮੇਲੇ ਵਿੱਚ ਸੂਫ਼ੀ ਗਾਇਕ ਨਿਰਮਲ ਨਿੰਮਾ, ਕਾਲੂ ਸ਼ਾਹਕੋਟੀ ਤੇ ਜੈਸਮੀਨ ਖਾਨ ਅਤੇ ਕੁਲਦੀਪ ਸਲਾਨਾ ਲਗਾਉਣਗੇ ਹਾਜ਼ਰੀ

ਨਵਾਂਸ਼ਹਿਰ 14 ਜੂਨ (ਹਰਿੰਦਰ ਸਿੰਘ)ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗਹੂੰਣ ਵਿਖੇ ਸਥਿਤ ਦਰਬਾਰ ਬਾਬਾ ਬੂਟੇ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ 15 ਅਤੇ 16 ਜੂਨ ਦਿਨ ਸੋਮਵਾਰ ਤੇ ਮੰਗਲਵਾਰ (ਹਾੜ੍ਹ 1 ਅਤੇ 2) ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਸੇਵਾਦਾਰ ਧਰਮਿੰਦਰ ਪਾਲ ਨੇ ਦੱਸਿਆ ਕਿ ਬਾਬਾ ਬੁਗਲੇ ਸ਼ਾਹ ਅਤੇ ਬਾਬਾ ਗੈਲੇ ਸ਼ਾਹ ਦੀ ਅਪਾਰ ਕਿਰਪਾ ਸਦਕਾ ਕਰਵਾਏ ਜਾ ਰਹੇ ਇਸ ਦੋ ਰੋਜ਼ਾ ਮੇਲੇ ਦੌਰਾਨ ਧਾਰਮਿਕ, ਸੂਫ਼ੀਆਨਾ ਅਤੇ ਸਭਿਆਚਾਰਕ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਹਾਜ਼ਰੀ ਲਗਵਾਉਣਗੇ। ਮੇਲੇ ਦੇ ਪ੍ਰਬੰਧਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੇ ਨਾਲ ਯਸ਼ਪਾਲ ਬਾਲੀ, ਨਰਿੰਦਰ ਸੰਘਾ, ਮਨਿੰਦਰ ਸਿੰਘ ਟਿੰਕੂ ਅਤੇ ਮਦਨ ਲਾਲ ਬਿੱਲਾ ਵਿਸ਼ੇਸ਼ ਤੌਰ ‘ਤੇ ਸੇਵਾਵਾਂ ਨਿਭਾ ਰਹੇ ਹਨ। ਪ੍ਰੋਗਰਾਮ ਦੀ ਰੂਪਰੇਖਾ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਧਰਮਿੰਦਰ ਪਾਲ ਨੇ ਦੱਸਿਆ ਕਿ ਪਹਿਲੇ ਦਿਨ 15 ਜੂਨ 2026 ਨੂੰ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ, ਜਿਸ ਤੋਂ ਬਾਅਦ ਸ਼ਾਮ 4 ਵਜੇ ਚਿਰਾਗ ਰੌਸ਼ਨ ਕੀਤੇ ਜਾਣਗੇ। ਇਸ ਉਪਰੰਤ ਸ਼ਾਮ 6 ਤੋਂ ਰਾਤ 7 ਵਜੇ ਤੱਕ ਬਲਕਾਰ ਕੈਂਥ ਐਂਡ ਪਾਰਟੀ ਵੱਲੋਂ ਸੂਫ਼ੀਆਨਾ ਕਵਾਲੀ ਪੇਸ਼ ਕੀਤੀ ਜਾਵੇਗੀ। ਰਾਤ 7 ਤੋਂ 10 ਵਜੇ ਤੱਕ ਕਾਲੂ ਸ਼ਾਹਕੋਟੀ ਐਂਡ ਪਾਰਟੀ ਸਟੇਜ ‘ਤੇ ਆਪਣੀ ਕਲਾ ਦੇ ਜੌਹਰ ਦਿਖਾਉਣਗੇ ਅਤੇ ਰਾਤ 10 ਵਜੇ ਤੋਂ ਪ੍ਰਭੂ ਇੱਛਾ ਤੱਕ ਐਮ. ਅਲੀ ਨਕਾਲ ਪਾਰਟੀ ਨਕੋਦਰ ਵਾਲੇ’ ਆਪਣੀਆਂ ਸ਼ਾਨਦਾਰ ਨਕਲਾਂ ਪੇਸ਼ ਕਰਕੇ ਸੰਗਤਾਂ ਦਾ ਮਨੋਰੰਜਨ ਕਰਨਗੇ। ਮੇਲੇ ਦੌਰਾਨ ਹਰਮੇਸ਼ ਲਾਲ ਬੈਂਡ ਮਾਸਟਰ ਵੱਲੋਂ ਬੈਂਡ ਦੀਆਂ ਵਿਸ਼ੇਸ਼ ਸੇਵਾਵਾਂ ਨਿਭਾਈਆਂ ਜਾਣਗੀਆਂ। ਮੇਲੇ ਦੇ ਦੂਸਰੇ ਦਿਨ 16 ਜੂਨ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਵੇਰੇ 10 ਤੋਂ 11 ਵਜੇ ਤੱਕ ਏ.ਐਸ. ਖਾਨ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਸਵੇਰੇ 11 ਤੋਂ ਦੁਪਹਿਰ 12 ਵਜੇ ਤੱਕ ਮਸ਼ਹੂਰ ਸੂਫ਼ੀ ਗਾਇਕਾ ਜੈਸਮੀਨ ਖਾਨ ਅਤੇ ਕੁਲਦੀਪ ਸਲਾਨਾ ਆਪਣੀ ਗਾਇਕੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਨਿਰਮਲ ਨਿੰਮਾ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਅਖੀਰ ਵਿੱਚ ਸ਼ਾਮ 4 ਤੋਂ 6 ਵਜੇ ਤੱਕ ਦੁਬਾਰਾ ਐਮ. ਅਲੀ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ। ਮੁੱਖ ਸੇਵਾਦਾਰ ਧਰਮਿੰਦਰ ਪਾਲ ਤੇ ਦਰਬਾਰ ਦੇ ਸੇਵਾਦਾਰ ਕ੍ਰਿਸ਼ਨ ਲਾਲ ਨੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੋ ਰੋਜ਼ਾ ਸਾਲਾਨਾ ਜੋੜ ਮੇਲੇ ਵਿੱਚ ਹੁੰਮਹੁਮਾ ਕੇ ਪਹੁੰਚਣ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਮੇਲੇ ਦੌਰਾਨ ਦਰਬਾਰ ਵਿਖੇ ਦੋਵੇਂ ਦਿਨ ਗੁਰੂ ਕਾ ਅਟੁੱਟ ਲੰਗਰ ਨਿਰੰਤਰ ਵਰਤੇਗਾ।

Leave a Reply

Your email address will not be published. Required fields are marked *

error: Content is protected !!