ਕੇ.ਵੀ.ਕੇ. ਲੰਗੜੋਆ ਵੱਲੋਂ ਪਿੰਡ ਉਟਾਲ ਦੀ ਸਹਿਕਾਰੀ ਸਭਾ ਵਿਖੇ ‘ਖੇਤ ਬਚਾਓ ਅਭਿਆਨ’ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ
ਨਵਾਂਸ਼ਹਿਰ 15 ਜੂਨ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ICAR-ATARI, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਦੇਸ਼ ਵਿਆਪੀ ਮੁੱਖ ਪ੍ਰੋਗਰਾਮ ਦੇ ਤਹਿਤ, ਇਹ ਕੈਂਪ ਪਿੰਡ ਉਟਾਲ ਦੀ ਸਹਿਕਾਰੀ ਸਭਾ ਵਿਖੇ ‘ਖੇਤ ਬਚਾਓ ਅਭਿਆਨ’ ਅਧੀਨ ਕੈਂਪ ਦਾ ਆਯੋਜਿਤ ਕੀਤਾ ਗਿਆ। ਮਿੱਟੀ ਦੇ ਉਪਜਾਊਪਣ ਨੂੰ ਬਚਾਉਣ ਅਤੇ ਫ਼ਸਲਾਂ ਦੀ ਪੈਦਾਵਾਰ ਵਧਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਇਸ ਮਹੀਨਾ ਭਰ ਚੱਲਣ ਵਾਲੇ ਅਭਿਆਨ ਵਿੱਚ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਇਹ ਪ੍ਰੋਗਰਾਮ ਕੇ.ਵੀ.ਕੇ. ਲੰਗੜੋਆ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਦੀ ਯੋਗ ਰਹਿਨੁਮਾਈ ਹੇਠ ਕਰਵਾਇਆ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਜਸਵਿੰਦਰ ਕੁਮਾਰ ਸਹਾਇਕ ਪ੍ਰੋਫੈਸਰ, (ਐਗਰੋਨੋਮੀ) ਨੇ ਕਿਸਾਨਾਂ ਨੂੰ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਵਧੀਆ ਝਾੜ ਲੈਣ ਲਈ ਮਿੱਟੀ ਦੀ ਨਿਯਮਤ ਪਰਖ (ਸੁਆਇਲ ਟੈਸਟਿੰਗ) ਕਰਵਾਉਣ, ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਅਤੇ ਸਿਰਫ਼ ਪ੍ਰਮਾਣਿਤ (ਸਰਟੀਫਾਈਡ) ਕਿਸਮਾਂ ਦੇ ਬੀਜ ਬੀਜਣ ‘ਤੇ ਜ਼ੋਰ ਦਿੱਤਾ।ਡਾ. ਰਜਿੰਦਰ ਕੌਰ ,ਸਹਾਇਕ ਪ੍ਰੋਫੈਸਰ ( ਹੋਮ ਸਾਇੰਸ) ਨੇ ਘਰਾਂ ਵਿੱਚ ਪੌਸ਼ਟਿਕ ਬਗੀਚੀ (ਕਿਚਨ ਗਾਰਡਨ) ਲਗਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਆਪਣੇ ਘਰ ਸਬਜ਼ੀਆਂ ਉਗਾਉਣ ਨਾਲ ਪਰਿਵਾਰ ਹਾਨੀਕਾਰਕ ਰਸਾਇਣਾਂ ਦੇ ਪ੍ਰਭਾਵ ਤੋਂ ਬਚ ਸਕਦੇ ਹਨ ਅਤੇ ਸਿਹਤਮੰਦ ਰਹਿ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਥਾਨਕ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਕੇ.ਵੀ.ਕੇ. ਵੱਲੋਂ ਚਲਾਏ ਜਾ ਰਹੇ ਸਿਖਲਾਈ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ।ਪ੍ਰੋਗਰਾਮ ਦੇ ਅਖੀਰ ਵਿੱਚ ਪਿੰਡ ਦੇ ਆਗੂਆਂ ਵੱਲੋਂ ਕੇ.ਵੀ.ਕੇ. ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਸ਼੍ਰੀ ਹਰਪ੍ਰੀਤ ਸਿੰਘ, ਸਹਿਕਾਰੀ ਸਭਾ ਸਕੱਤਰ ਅਤੇ ਸ਼੍ਰੀ ਕਸ਼ਮੀਰ ਚੰਦ (ਸਰਪੰਚ, ਪਿੰਡ ਉਟਾਲ/ਬੀਰੋਵਾਲ ਨੇ ਕੇ.ਵੀ.ਕੇ. ਦੀ ਟੀਮ ਵੱਲੋਂ ਕਿਸਾਨਾਂ ਦੇ ਬੂਹੇ ‘ਤੇ ਆ ਕੇ ਇਹ ਕੀਮਤੀ ਜਾਣਕਾਰੀ ਦੇਣ ਲਈ ਸ਼ਲਾਘਾ ਕੀਤੀ ਅਤੇ ਇਸ ਅਭਿਆਨ ਨੂੰ ਸਫ਼ਲ ਬਣਾਉਣ ਲਈ ਪਿੰਡ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।


